
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਜਨਵਰੀ (ਹਿੰ. ਸ.)। ਨਗਰ ਨਿਗਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਲੰਬੇ ਸਮੇਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲੇ ਡਿਫਾਲਟਰਾਂ, ਖ਼ਾਸ ਕਰਕੇ ਵੱਡੀਆਂ ਵਪਾਰਕ ਅਤੇ ਉਦਯੋਗਿਕ ਇਕਾਈਆਂ ਖ਼ਿਲਾਫ਼ ਚਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਵਾਰ-ਵਾਰ ਨੋਟਿਸ ਅਤੇ ਲੋੜੀਂਦਾ ਮੌਕਾ ਦੇਣ ਦੇ ਬਾਵਜੂਦ ਜਿਨ੍ਹਾਂ ਨੇ ਬਕਾਇਆ ਰਕਮ ਜਮ੍ਹਾ ਨਹੀਂ ਕਰਵਾਈ, ਉਨ੍ਹਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਮਿਊਂਸਿਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 138-ਸੀ ਤਹਿਤ ਸੀਲਿੰਗ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਡਿਫਾਲਟਰਾਂ ਨੂੰ ਤਿੰਨ ਦਿਨਾਂ ਦੀ ਆਖ਼ਰੀ ਮਿਆਦ ਦਿੱਤੀ ਗਈ ਹੈ, ਤਾਂ ਜੋ ਬਕਾਇਆ ਪ੍ਰਾਪਰਟੀ ਟੈਕਸ, ਜੁਰਮਾਨਾ ਅਤੇ ਬਿਆਜ ਸਮੇਤ ਜਮ੍ਹਾ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ 07.01.2026 (ਬੁੱਧਵਾਰ) ਤੋਂ, ਬਿਨਾਂ ਕੋਈ ਹੋਰ ਸੂਚਨਾ ਦਿੱਤਿਆਂ ਬਕਾਏਦਾਰਾਂ ਦੀਆਂ ਸੰਪਤੀਆਂ ਨੂੰ ਸੀਲ ਕੀਤਾ ਜਾਵੇਗਾ।
ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਚਾਰ ਸੰਪਤੀ ਮਾਲਕਾਂ ਵੱਲੋਂ ਦਫ਼ਤਰ ਪਹੁੰਚ ਕੇ ਆਪਣੀਆਂ ਅਸੈਸਮੈਂਟਾਂ ਪੂਰੀਆਂ ਕਰਵਾਈਆਂ ਗਈਆਂ ਹਨ, ਜਦਕਿ ਤਿੰਨ ਸੰਪਤੀ ਮਾਲਕਾਂ ਵੱਲੋਂ ਲਗਭਗ 7 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਗਈ ਹੈ। ਮਿਊਂਸਿਪਲ ਕਾਰਪੋਰੇਸ਼ਨ ਇਨ੍ਹਾਂ ਦੀ ਸ਼ਲਾਘਾ ਕਰਦੀ ਹੈ, ਪਰ ਨਾਲ ਹੀ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੰਦੀ ਹੈ ਕਿ ਡਿਫਾਲਟਰ ਰਹਿਣ ਦੀ ਸੂਰਤ ਵਿੱਚ ਸੰਪਤੀਆਂ ਨੂੰ ਸੀਲ ਕਰਨ ਤੋਂ ਬਾਅਦ ਨੀਲਾਮੀ ਵਰਗੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਸਖ਼ਤ ਕਾਰਵਾਈ ਮਿਊਂਸਿਪਲ ਆਮਦਨ ਦੀ ਵਸੂਲੀ ਯਕੀਨੀ ਬਣਾਉਣ ਅਤੇ ਬੇਹਤਰੀਨ ਸ਼ਹਿਰੀ ਢਾਂਚੇ ਤੇ ਨਾਗਰਿਕ ਸੇਵਾਵਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਬਕਾਇਆ ਰਕਮ ਦੀ ਪੂਰੀ ਵਸੂਲੀ ਹੋਣ ਤੱਕ ਇਹ ਕਾਰਵਾਈ ਕਾਨੂੰਨ ਅਨੁਸਾਰ ਜਾਰੀ ਰਹੇਗੀ। ਬਕਾਇਆ ਸੰਬੰਧੀ ਕਿਸੇ ਵੀ ਜਾਣਕਾਰੀ ਜਾਂ ਮਦਦ ਲਈ ਕਰਦਾਤਾ ਦਫ਼ਤਰੀ ਸਮੇਂ ਦੌਰਾਨ ਪ੍ਰਾਪਰਟੀ ਟੈਕਸ ਬ੍ਰਾਂਚ, ਮਿਊਂਸਿਪਲ ਕਾਰਪੋਰੇਸ਼ਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ