
ਅੰਮ੍ਰਿਤਸਰ, 07 ਜਨਵਰੀ (ਹਿੰ. ਸ.)। ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ, ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਆਪ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਤਿੰਨ ਮਹੱਤਵਪੂਰਨ ਪੁੱਲ ਬਣਾਏ ਜਾ ਰਹੇ ਹਨ। ਇਹ ਤਿੰਨ ਪੁੱਲ ਨਿਊ ਅੰਮ੍ਰਿਤਸਰ, ਸੁਲਤਾਨਵਿੰਡ ਚੌਂਕ ਅਤੇ ਤਰਨ ਤਾਰਨ ਫ਼ਲਾਈਓਵਰ ‘ਤੇ ਬਣਾਏ ਜਾ ਰਹੇ ਹਨ, ਜੋ ਇੱਕੇ ਵਾਰੀ ਸ਼ਹਿਰ ਦੀ ਟਰੈਫਿਕ ਪ੍ਰਣਾਲੀ ’ਚ ਵੱਡਾ ਸੁਧਾਰ ਲਿਆਉਣਗੇ।
ਬਰਾੜ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਪੁੱਲ ਰਾਹੀਂ ਅੰਮ੍ਰਿਤਸਰ–ਜਲੰਧਰ ਰੋਡ ’ਤੇ ਲੱਗਦੇ ਲੰਮੇ ਜਾਮ ਤੋਂ ਰਾਹਤ ਮਿਲੇਗੀ। ਸੁਲਤਾਨਵਿੰਡ ਪੁੱਲ ਰਾਹੀਂ ਹਰ ਐਤਵਾਰ ਸ਼ਹੀਦਾਂ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸਦੇ ਨਾਲ ਹੀ ਤਰਨ ਤਾਰਨ ਫ਼ਲਾਈਓਵਰ ਬ੍ਰਿਜ ’ਤੇ ਚੌਥੀ ਲੈਗ ਉਤਾਰਨ ਦੇ ਬਾਅਦ ਜਲੰਧਰ ਤੋਂ ਆਉਣ ਵਾਲੇ ਲੋਕਾਂ ਨੂੰ ਸ਼ਹਿਰ ਵਿੱਚੋਂ ਗੁਜ਼ਰਣ ਦੀ ਲੋੜ ਨਹੀਂ ਰਹੇਗੀ ਅਤੇ ਉਹ ਬਾਹਰੋਂ-ਬਾਹਰ ਸਿੱਧੇ ਝਬਾਲ ਜਾ ਸਕਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਇੰਫ੍ਰਾਸਟਰਕਚਰ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਅੰਮ੍ਰਿਤਸਰ ਲਈ ਇਹ ਤਿੰਨੇ ਪੁੱਲ ਵੱਡੀ ਸੌਗਾਤ ਸਾਬਤ ਹੋਣਗੇ। ਬਰਾੜ ਨੇ ਕਿਹਾ ਕਿ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਹੋਰ ਵੀ ਕਈ ਪ੍ਰੋਜੈਕਟਾਂ ’ਤੇ ਕੰਮ ਕਰ ਰਹੀ ਹੈ।
ਅੰਤ ਵਿੱਚ ਬਰਾੜ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਰ ਵੀ ਵਿਕਾਸ ਕਾਰਜ ਪਹਿਲ ਦੇ ਅਧਾਰ ’ਤੇ ਕਰਾਏ ਜਾਣਗੇ। ਸ਼ਹਿਰ ਦੀ ਸੁਧਾਰ ਯਾਤਰਾ ਨੂੰ ਤੇਜ਼ ਗਤੀ ਨਾਲ ਅੱਗੇ ਵਧਾਉਣਾ ਆਪ ਸਰਕਾਰ ਦਾ ਮੁੱਖ ਟੀਚਾ ਹੈ, ਤਾਂ ਜੋ ਲੋਕਾਂ ਨੂੰ ਬਿਹਤਰ ਸਹੂਲਤਾਂ ਅਤੇ ਸੁਚਾਰੂ ਟਰੈਫਿਕ ਪ੍ਰਣਾਲੀ ਮਿਲ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ