
ਖੰਨਾ, 10 ਮਾਰਚ (ਹਿੰ.ਸ.)। ਭਾਜਪਾ ਦੀ 14 ਮਾਰਚ 2026 ਦੀ ਮੋਗਾ ਬਦਲਾਅ ਰੈਲੀ ਪੰਜਾਬ ਵਿਚ ਬਦਲਾਅ ਦੀ ਨਵੀਂ ਲਹਿਰ ਪੈਦਾ ਕਰ ਦੇਵੇਗੀ। ਇਸ ਰੈਲੀ ਨੂੰ ਲੈ ਕੇ ਭਾਜਪਾ ਵਰਕਰਾਂ ਦੇ ਨਾਲ ਨਾਲ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਅਤੇ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਬਲਜਿੰਦਰ ਸਿੰਗਲਾ ਵੱਲੋਂ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ ਗਿਆ।
ਬਲਜਿੰਦਰ ਸਿੰਗਲਾ ਨੇ ਦੱਸਿਆ ਕਿ ਮੋਗਾ ਦੀ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਲੋਕ ਪੱਬਾਂ ਭਾਰ ਹਨ। ਅੱਜ ਪੰਜਾਬ ਦੇ ਲੋਕ ਇਹ ਗੱਲ ਭਲੀਭਾਂਤ ਜਾਣ ਚੁੱਕੇ ਹਨ ਕਿ ਪੰਜਾਬ ਦਾ ਭਲਾ ਅਤੇ ਵਿਕਾਸ ਕੇਵਲ ਭਾਜਪਾ ਸਰਕਾਰ ਹੀ ਕਰ ਸਕਦੀ ਹੈ। ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵਿਚ ਵਿਸ਼ਵਾਸ਼ ਬਹੁਤ ਪੱਕਾ ਹੋ ਚੁੱਕਾ ਹੈ। ਲੋਕ ਇਹ ਵੀ ਜਾਣ ਚੁੱਕੇ ਹਨ ਕਿ ਇਹ ਦੋਨੋਂ ਆਗੂ ਕਹਿਣੀ ਤੇ ਕਰਨੀ ਦੇ ਪੱਕੇ ਹਨ। ਜਿਸ ਕਰਕੇ ਲੋਕ ਵੱਡੀ ਗਿਣਤੀ ’ਚ ਆਪ ਮੁਹਾਰੇ ਇਸ ਰੈਲੀ ਵਿਚ ਪਹੁੰਚ ਰਹੇ ਹਨ ਅਤੇ ਇਕੱਠ ਪੱਖੋਂ ਇਹ ਰੈਲੀ ਇਤਿਹਾਸਿਕ ਹੋਵੇਗੀ।
ਸਿੰਗਲਾ ਨੇ ਕਿਹਾ ਕਿ ਇਹ ਰੈਲੀ ਲਈ 80 ਏਕੜ ਵਿਚ ਪੰਡਾਲ ਬਣਾਇਆ ਜਾ ਰਿਹਾ ਹੈ। ਜਿਸ ਵਿਚ ਭਾਜਪਾ ਦੀ ਦੇਸ਼ ਦੀ ਵੱਡੀ ਲੀਡਰਸ਼ਿਪ ਪਹੁੰਚ ਰਹੀ ਹੈ ਤੇ ਪੰਜਾਬ ਲਈ ਵੱਡੇ ਐਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਖੰਨਾ ਤੋਂ ਵੀ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੋਗਾ ਰੈਲੀ ਵਿਚ ਸ਼ਾਮਲ ਹੋਣਗੇ। ਇਸ ਮੌਕੇ ਰੇਲਵੇ ਬੋਰਡ ਦੇ ਡਾਇਰੈਕਟਰ ਅਨੂਪ ਸ਼ਰਮਾ ਤੇ ਭਾਜਪਾ ਆਗੂ ਵਿਨੋਦ ਕੋਸ਼ਲ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ