ਪੰਜਾਬ ਦੀ ਤਰੱਕੀ ਸਾਡਾ ਸੰਕਲਪ, ਅਸੀਂ ਉਦਯੋਗ ਲਈ ਸਾਜ਼ਗਾਰ ਮਾਹੌਲ ਅਤੇ ਮੌਕੇ ਪੈਦਾ ਕੀਤੇ : ਮੁੱਖ ਮੰਤਰੀ ਭਗਵੰਤ ਮਾਨ
ਐਸ.ਏ.ਐਸ. ਨਗਰ (ਮੋਹਾਲੀ), 15 ਮਾਰਚ (ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਤਿੰਨ-ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਆਖਰੀ ਦਿਨ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਉਦਯੋਗ ਲਈ ਸਰਕਾਰ ਦੀ ਤਰਫ਼ੋਂ ਪੂਰਾ ਸਹਿਯੋਗ ਅਤੇ ਰਿਆਇਤਾਂ ਦਾ ਭਰੋ
ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ


ਐਸ.ਏ.ਐਸ. ਨਗਰ (ਮੋਹਾਲੀ), 15 ਮਾਰਚ (ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਤਿੰਨ-ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਆਖਰੀ ਦਿਨ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਉਦਯੋਗ ਲਈ ਸਰਕਾਰ ਦੀ ਤਰਫ਼ੋਂ ਪੂਰਾ ਸਹਿਯੋਗ ਅਤੇ ਰਿਆਇਤਾਂ ਦਾ ਭਰੋਸਾ ਦਿੱਤਾ। ਆਲਮੀ ਅਤੇ ਕੌਮੀ ਨਿਵੇਸ਼ਕਾਂ ਦੀ ਮਜ਼ਬੂਤ ਭਾਈਵਾਲੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸੰਮੇਲਨ ਨੇ ਉਦਯੋਗਿਕ ਵਿਕਾਸ ਲਈ ਅਜਿਹਾ ਮਾਹੌਲ ਸਿਰਿਜਆ, ਜੋ ਸੂਬੇ ਦੀ ਆਰਥਿਕ ਤਰੱਕੀ ਨੂੰ ਹੋਰ ਰਫ਼ਤਾਰ ਦੇਵੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਸੰਮੇਲਨ ਦੌਰਾਨ ਦਿੱਤੇ ਗਏ ਨਿਵੇਸ਼ ਪ੍ਰਸਤਾਵਾਂ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਛੇ ਮਹੀਨਿਆਂ ਬਾਅਦ ਸਮੀਖਿਆ ਸੈਸ਼ਨ ਕਰੇਗੀ।

ਇਤਿਹਾਸਕ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਸਮਾਪਤੀ ਵਾਲੇ ਦਿਨ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਅਤੇ ਸੂਬੇ ਦੀ ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਨ ਲਈ ਇੱਥੇ ਆਈਆਂ ਸ਼ਖ਼ਸੀਅਤਾਂ ਦੇ ਸਮਰਪਣ ਨੂੰ ਬਿਆਨ ਕਰਨ ਮੇਰੇ ਕੋਲ ਸ਼ਬਦ ਵੀ ਘੱਟ ਰਹਿਣ ਜਾਣਗੇ। ਦੁਨੀਆ ਭਰ ਦੇ ਮੋਹਰੀ ਉਦਯੋਗਿਕ ਆਗੂ ਇਸ ਇਤਿਹਾਸਕ ਅਤੇ ਪ੍ਰਗਤੀਸ਼ੀਲ ਸੰਮੇਲਨ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸੂਝਵਾਨ ਅਤੇ ਦੂਰਅੰਦੇਸ਼ੀ ਵਾਲਾ ਆਗੂ ਉਹੀ ਹੁੰਦਾ ਹੈ ਜੋ ਹਰ ਤਰ੍ਹਾਂ ਦੇ ਮਾਹੌਲ ਅਤੇ ਚੁਣੌਤੀਆਂ ਲਈ ਆਪਣੀ ਟੀਮ ਨੂੰ ਤਿਆਰ ਰੱਖੇ ਅਤੇ ਸੂਬਾ ਸਰਕਾਰ ਇਸੇ ਤਰਜ਼ 'ਤੇ ਕੰਮ ਕਰਦੀ ਹੈ।

ਸੂਬੇ ਦੇ ਲੋਕਾਂ ਦੇ ਜਨੂੰਨ ਅਤੇ ਜਜ਼ਬੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਸੂਝਵਾਨ ਆਗੂ ਵਜੋਂ ਵਿਚਰਦੇ ਹਨ ਅਤੇ ਅਸੀਂ ਦੇਸ਼ ਅਤੇ ਇਸ ਦੇ ਲੋਕਾਂ ਲਈ ਕੁਝ ਵੀ ਕਰ ਸਕਦੇ ਹਾਂ ਕਿਉਂਕਿ ਦੇਸ਼ ਸਾਡੇ ਲਈ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨਵਾਂ ਉੱਭਰਦਾ ਖੇਤਰ ਹੈ ਪਰ ਮਨੁੱਖੀ ਦਿਮਾਗ ਇਸ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਜੋ ਕਿ ਮਨੁੱਖੀ ਸਰੋਤ ਦੇ ਵਿਕਾਸ ਲਈ ਚੰਗਾ ਹੈ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਨੀਤੀ ਨਿਰਮਾਣ ਦੇ ਫੈਸਲਿਆਂ ਵਿੱਚ ਕਾਰੋਬਾਰੀ ਤੇਜ਼ੀ ਨਾਲ ਧਿਰ ਬਣ ਕੇ ਉੱਭਰ ਰਹੇ ਹਨ।

ਸੰਮੇਲਨ ਦੌਰਾਨ ਹੋਏ ਵਿਚਾਰ-ਵਟਾਂਦਰੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਤਿੰਨ ਦਿਨਾਂ ਦੌਰਾਨ ਲਗਭਗ 30 ਲੜੀਵਾਰ ਸੈਸ਼ਨ ਕਰਵਾਏ ਗਏ, ਜੋ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨ ਵਿੱਚ ਵਧੇਰੇ ਮਦਦਗਾਰ ਸਿੱਧ ਹੋਣਗੇ । ਉਨ੍ਹਾਂ ਕਿਹਾ ਕਿ ਸੂਬੇ ਨੂੰ ਤੇਜ਼ ਵਿਕਾਸ ਦੀ ਲੀਹ 'ਤੇ ਪਾਉਣ ਤੋਂ ਇਲਾਵਾ ਇਹ ਸੰਮੇਲਨ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਵੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸੰਮੇਲਨ ਸੂਬੇ ਵਿੱਚੋਂ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਰਵਾਸ ਨੂੰ ਰੋਕਣ ਅਤੇ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਬੇਹੱਦ ਜ਼ਰੂਰੀ ਹੈ।

ਨਿਵੇਸ਼ਕਾਂ ਦੀ ਭਾਈਵਾਲੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਲੋਕ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲ ਬਣਨ ਲਈ ਖੁਦ-ਬ-ਖੁਦ ਅੱਗੇ ਆ ਰਹੇ ਹਨ। ਇਹ ਪੰਜਾਬ ਵਿੱਚ ਤਰੱਕੀ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਵੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਨੂੰ ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਵਚਨਬੱਧ ਹੈ।

ਉਦਯੋਗ ਦੇ ਆਗੂਆਂ ਦਾ ਉਨ੍ਹਾਂ ਦੀ ਭਾਗੀਦਾਰੀ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਸੂਬੇ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਕਾਰੋਬਾਰੀ ਦਿੱਗਜ਼ਾਂ ਦਾ ਧੰਨਵਾਦ ਕਰਦਾ ਹਾਂ। ਸਾਡੀ ਸਰਕਾਰ ਪੰਜਾਬ ਨੂੰ ਦੁਨੀਆਂ ਦੇ ਇੱਕ ਪ੍ਰਮੁੱਖ ਉਦਯੋਗਿਕ ਅਤੇ ਨਿਰਯਾਤ ਕੇਂਦਰ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਅਸੀਂ ਪੰਜਾਬ ਲਈ ਸੰਪੂਰਨ ਆਰਥਿਕ ਅਤੇ ਵਿੱਤੀ ਸਫਲਤਾ ਚਾਹੁੰਦੇ ਹਾਂ। ਮੇਰਾ ਦ੍ਰਿੜ ਵਿਸ਼ਵਾਸ ਹੈ ਕਿ ਸਾਡੇ ਵਿਕਾਸ ਦੇ ਮੁੱਖ ਥੰਮ੍ਹ ਚੰਗਾ ਸ਼ਾਸਨ, ਡਿਜੀਟਾਈਜ਼ੇਸ਼ਨ, ਉਸਾਰੂ ਫੈਸਲੇ ਲੈਣ ਦੀ ਸਮਰੱਥਾ, ਪਾਰਦਰਸ਼ਤਾ ਅਤੇ ਸੰਵੇਦਨਸ਼ੀਲਤਾ ਹਨ। ਸਾਡੀ ਅਮੀਰ ਵਿਰਾਸਤ, ਪਰੰਪਰਾ ਅਤੇ ਸੱਭਿਆਚਾਰ ਦੇ ਨਾਲ, ਇਹ ਸਮਰੱਥਾਵਾਂ ਦੁਨੀਆ ਭਰ ਕਾਰੋਬਾਰੀਆਂ ਲਈ ਸੂਬੇ ਨੂੰ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੇਸ਼ ਕਰਦੀਆਂ ਹਨ। ਪੰਜਾਬ ਆਪਣੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਰਾਹੀਂ ਵਿਸ਼ਵਵਿਆਪੀ ਮੁੱਲ ਅਤੇ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਹਰਭਜਨ ਸਿੰਘ ਈਟੀਓ ਅਤੇ ਬਰਿੰਦਰ ਗੋਇਲ, ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਹੋਰਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande