
ਬਰਨਾਲਾ, 11 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ.ਏ.ਐਸ ਦੀ ਅਗਵਾਈ ਹੇਠ ਸਿਹਤ ਵਿਭਾਗ ਬਰਨਾਲਾ ਵੱਲੋਂ ਧੀਆਂ ਨੂੰ ਭਵਿੱਖ ਵਿੱਚ ਸਰਵੀਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਉਣ ਲਈ ਐਚ.ਪੀ.ਵੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਭਵਿੱਖ ਵਿੱਚ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਵੈਕਸੀਨ ਉਨ੍ਹਾਂ 14 ਸਾਲ ਦੀਆਂ ਬੱਚੀਆਂ ਨੂੰ ਮੁਫ਼ਤ ਲਗਾਈ ਜਾਵੇਗੀ, ਜਿਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਾ ਹੈ ਅਤੇ 15ਵਾਂ ਜਨਮ ਦਿਨ ਆਉਣਾ ਹੈ। ਇਹ ਵੈਕਸੀਨ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਵਾਨਿਤ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਮਹਿਲਾਵਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਗੰਭੀਰ ਕੈਂਸਰ ਦਾ ਮੁੱਖ ਕਾਰਨ ਐਚ.ਪੀ. ਵੀ (ਹਿਊਮਨ ਪੈਪੀਲੋਮਾ ਵਾਇਰਸ) ਹੁੰਦਾ ਹੈ। ਇਸ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਐਚ. ਪੀ. ਵੀ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਦੇ 160 ਦੇਸ਼ਾਂ ਵਿੱਚ ਇਹ ਵੈਕਸੀਨ ਲੱਗ ਚੁੱਕੀ ਹੈ ਜੋ ਕਿ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹੁਣ ਇਹ ਸਾਰੇ ਪੰਜਾਬ ਭਰ ਵਿੱਚ ਲਗਾਈ ਜਾ ਰਹੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਜੱਚਾ-ਬੱਚਾ ਹਸਪਤਾਲ ਬਰਨਾਲਾ ਦੇ ਕਮਰਾ ਨੰਬਰ 106 ਵਿਖੇ ਰੋਜ਼ਾਨਾ ਸਰਕਾਰੀ ਛੁੱਟੀ ਅਤੇ ਐਂਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਬੱਚੀਆਂ ਦੇ ਵੈਕਸੀਨ ਲਗਾਈ ਜਾ ਰਹੀ ਹੈ। ਇਸ ਸਮੇਂ ਮਨਜੀਤ ਕੌਰ, ਸਤਨਾਮ ਕੌਰ ਸਿਹਤ ਸੁਪਰਵਾਈਜ਼ਰ, ਗੁਰਦੀਪ ਸਿੰਘ ਟੀਕਾਕਰਨ ਸਹਾਇਕ, ਸੁਖਪਾਲ ਕੌਰ, ਜਸਵੀਰ ਕੌਰ ਏ. ਐਨ. ਐਮ ਅਤੇ ਆਸ਼ਾ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ