
ਮੋਹਾਲੀ, 11 ਮਾਰਚ (ਹਿੰ.ਸ.)। ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਮੋਹਾਲੀ ਕਾਂਗਰਸ ਵੱਲੋਂ ਐੱਸਐੱਸਪੀ ਦਫ਼ਤਰ, ਸੈਕਟਰ-76 ਮੋਹਾਲੀ ਵਿਖੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹਾਜ਼ਰੀ ਭਰੀ ਅਤੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਬੀਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਸ਼ਹਿ ਉੱਤੇ ਫੇਜ਼-1 ਥਾਣੇ ਦੇ ਐਸ.ਐਚ.ਓ ਅਤੇ ਸਬ ਇੰਸਪੈਕਟਰ ਵੱਲੋਂ ਆਮ ਲੋਕਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਲੋਕਾਂ ਦੀ ਰੱਖਿਆ ਕਰਨਾ ਹੁੰਦਾ ਹੈ, ਨਾ ਕਿ ਉਨ੍ਹਾਂ ਨੂੰ ਡਰਾਉਣਾ-ਧਮਕਾਉਣਾ। ਪੰਜਾਬ ਵਿੱਚ ਵਧ ਰਹੀਆਂ ਪੁਲਿਸ ਦੀਆਂ ਧੱਕੇਸ਼ਾਹੀਆਂ ਅਤੇ ਆਮ ਲੋਕਾਂ ਨਾਲ ਹੋ ਰਹੇ ਜ਼ੁਲਮਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ, ਜਦੋਂ ਇੱਕ ਮਿਹਨਤੀ ਦੁਕਾਨਦਾਰ ਮਹਿਲਾ ਨੂੰ ਇਨਸਾਫ਼ ਦੀ ਬਜਾਏ ਮੋਹਾਲੀ ਐਮਐਲਏ ਦੀ ਸ਼ਹਿ 'ਤੇ ਪੁਲਿਸ ਵੱਲੋਂ ਡਰਾਇਆ ਧਮਕਾਇਆ ਗਿਆ ਅਤੇ ਉਸਨੂੰ ਜ਼ਲੀਲ ਕੀਤਾ ਗਿਆ।
ਇਸੇ ਦੌਰਾਨ ਪੀੜਤ ਮਹਿਲਾ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਤੇ ਘਟੀਆ ਸੋਚ ਵਾਲੇ ਵਿਅਕਤੀ ਉਸਨੂੰ ਹਰ ਰੋਜ਼ ਭੱਦੀ ਸ਼ਬਦਾਵਲੀ ਬੋਲ ਕੇ ਤੰਗ ਪਰੇਸ਼ਾਨ ਕਰਦੇ ਹਨ। ਇਸ ਸਬੰਧੀ ਜਦੋਂ ਉਹ ਨਿਆਂ ਦੀ ਉਮੀਦ ਨਾਲ ਥਾਣੇ ਸ਼ਿਕਾਇਤ ਲੈ ਕੇ ਗਈ ਤਾਂ ਪੁਲਿਸ ਨੇ ਉਸਦੀ ਮਦਦ ਕਰਨ ਦੀ ਬਜਾਏ ਕਥਿਤ ਤੌਰ ’ਤੇ ਉਸਨੂੰ ਹੀ ਡਰਾ-ਧਮਕਾ ਕੇ ਵਾਪਸ ਭੇਜ ਦਿੱਤਾ।
ਸਿੱਧੂ ਨੇ ਇਸ ਮਾਮਲੇ 'ਤੇ ਕੜਾ ਰੋਸ ਜਤਾਉਂਦਿਆਂ ਕਿਹਾ ਕਿ ਅਜਿਹੇ ਪੁਲਿਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਸਿੱਧੂ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ ਇੱਕ ਨਿੱਜੀ ਮਾਮਲਾ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸ਼ਹਿ ਅਤੇ ਆਮ ਲੋਕਾਂ ਨਾਲ ਕੀਤੇ ਜਾ ਰਹੇ ਜੁਲਮਾਂ ਦੀ ਨਿੰਦਣਯੋਗ ਪ੍ਰਕਿਰਿਆ ਹੈ। ਸਿੱਧੂ ਨੇ ਪੰਜਾਬ ਸਰਕਾਰ ਤੋਂ ਸਖ਼ਤ ਸ਼ਬਦਾਂ ਵਿੱਚ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੰਬੰਧਿਤ ਐਸਐਚਓ ਦੀ ਫੌਰੀ ਬਦਲੀ ਕੀਤੀ ਜਾਵੇ ਅਤੇ ਸਬ ਇੰਸਪੈਕਟਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਤਾਂ ਜੋ ਨਿਰਪੱਖ ਜਾਂਚ ਯਕੀਨੀ ਬਣ ਸਕੇ।
ਸਿੱਧੂ ਨੇ ਇਹ ਵੀ ਕਿਹਾ ਕਿ ਜੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਸਮੂਹ ਕਾਂਗਰਸੀ ਲੀਡਰਸ਼ਿਪ ਵੱਲੋਂ ਅਗਲੇ ਹਫ਼ਤੇ ਸਟੇਟ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਗਵਰਨਰ ਸਾਬ੍ਹ ਤੇ ਡੀਜੀਪੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਲੋੜ ਪੈਣ ‘ਤੇ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਇਸ ਦੌਰਾਨ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਬਾਰੇ ਕੀਤੀ ਟਿੱਪਣੀ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀਆਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ