
ਮੁਹਾਲੀ, 12 ਮਾਰਚ (ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਖਿਆ ਕਿ ਪੰਜਾਬ ਆਪਣੀ ਉਦਯੋਗਿਕ ਤਰੱਕੀ ਵਿੱਚ ਫੈਸਲਾਕੁਨ ਬਦਲਾਅ ਦੇਖ ਰਿਹਾ ਹੈ, 2022 ਤੋਂ ਪਹਿਲਾਂ ਵਾਲੀ ਲੁੱਟ-ਖਸੁੱਟ ਤੋਂ ਬਾਅਦ ਹੁਣ ਵਿਸ਼ਵ-ਵਿਆਪੀ ਨਿਵੇਸ਼ਕ ਸੂਬੇ ਵਿੱਚ ਵਾਪਸ ਆ ਰਹੇ ਹਨ। ਮੁਹਾਲੀ ਵਿੱਚ ਇਨਫੋਸਿਸ ਦੇ 286 ਕਰੋੜ ਰੁਪਏ ਦੇ ਲਾਗਤ ਵਾਲੇ ਕੈਂਪਸ ਦੇ ਨੀਂਹ ਪੱਥਰ ਸਮਾਗਮ ਤੋਂ ਬਾਅਦ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ 2,700 ਨੌਜਵਾਨਾਂ ਲਈ ਰੋਜ਼ਗਾਰ ਦੇ ਸਿੱਧੇ ਮੌਕੇ ਅਤੇ ਹਜ਼ਾਰਾਂ ਹੋਰਾਂ ਲਈ ਰੋਜ਼ਗਾਰ ਦੇ ਅਸਿੱਧੇ ਮੌਕੇ ਮੁਹੱਈਆ ਕਰੇਗਾ।
ਮੁੱਖ ਮੰਤਰੀ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਮਾਰਚ 2022 ਤੋਂ ਲੈ ਕੇ ਹੁਣ ਤੱਕ 1.55 ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪਹਿਲਾਂ ਹੀ ਪ੍ਰਾਪਤ ਕਰ ਚੁੱਕੀ ਹੈ, ਜਿਸ ਨਾਲ 5.44 ਲੱਖ ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁਹਾਲੀ ਵਿੱਚ 13 ਤੋਂ 15 ਮਾਰਚ ਤੱਕ ਹੋਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਸੂਬੇ ਦੀ ਉਦਯੋਗਿਕ ਤਰੱਕੀ ਲਈ ਯਾਦਗਾਰੀ ਪਲ ਹੋਵੇਗਾ, ਜਿਸ ਵਿੱਚ ਅਗਲੇ ਤਿੰਨ ਦਿਨ ਪੰਜਾਬ ਦੇ ਆਰਥਿਕ ਵਿਕਾਸ ਲਈ ਸਫ਼ਲਤਾ ਦੀ ਨਵੀਂ ਕਹਾਣੀ ਲਿਖਣਗੇ।
ਸੂਚਨਾ ਤਕਨਾਲੋਜੀ ਵਿੱਚ ਵਿਸ਼ਵ ਪ੍ਰਸਿੱਧ ਕੰਪਨੀ ਇਨਫੋਸਿਸ ਦੇ ਨੁਮਾਇੰਦਿਆਂ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਵਿੱਚ ਵਿਸ਼ਵਾਸ ਪ੍ਰਗਟ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿੱਚ ਇਨਫੋਸਿਸ ਦੇ ਬਾਨੀ ਐਨ.ਆਰ. ਨਾਰਾਇਣ ਮੂਰਤੀ ਦੇ ਅਥਾਹ ਯੋਗਦਾਨ ਨੂੰ ਵੀ ਯਾਦ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਅੱਜ ਪੰਜਾਬ ਲਈ ਖ਼ਾਸ ਕਰ ਕੇ ਉਦਯੋਗਿਕ ਖੇਤਰ ਲਈ ਇਤਿਹਾਸਕ ਦਿਨ ਹੈ। ਮੈਂ ਆਲਮੀ ਕੰਪਨੀ ਇਨਫੋਸਿਸ ਦੇ ਨੁਮਾਇੰਦਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ ਅਤੇ ਸਾਡੀ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਵਿੱਚ ਵਿਸ਼ਵਾਸ ਦਿਖਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਦੇਸ਼ ਦੀ ਆਰਥਿਕ ਤਰੱਕੀ ਵਿੱਚ ਇਨਫੋਸਿਸ ਦੇ ਬਾਨੀ ਐਨ.ਆਰ. ਨਾਰਾਇਣ ਮੂਰਤੀ ਦੇ ਅਥਾਹ ਯੋਗਦਾਨ ਨੂੰ ਵੀ ਯਾਦ ਕਰਦਾ ਹਾਂ।
ਭਾਰਤੀ ਆਈ.ਟੀ. ਖ਼ੇਤਰ ਦੇ ਪਿਤਾਮਾ ਨਾਰਾਇਣ ਮੂਰਤੀ ਨੂੰ ਮਹਾਨ ਹਸਤੀ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਇਸ ਮਹਾਨ ਹਸਤੀ ਨੂੰ ਭਾਰਤੀ ਆਈ.ਟੀ. ਖ਼ੇਤਰ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। ਅੱਜ ਇਕ ਮਹੱਤਵਪੂਰਨ ਦਿਨ ਹੈ ਕਿਉਂਕਿ ਇਨਫੋਸਿਸ ਦੇ 286 ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਦਾ ਨੀਂਹ ਪੱਥਰ ਸਮਾਗਮ ਮੁਹਾਲੀ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਪ੍ਰਾਜੈਕਟ 2,700 ਨੌਜਵਾਨਾਂ ਨੂੰ ਸਿੱਧੇ ਤੌਰ `ਤੇ ਰੋਜ਼ਗਾਰ ਪ੍ਰਦਾਨ ਕਰੇਗਾ, ਜਦੋਂ ਕਿ ਹਜ਼ਾਰਾਂ ਨੌਜਵਾਨਾਂ ਲਈ ਅਸਿੱਧੇ ਤੌਰ ਉੱਤੇ ਰੋਜ਼ਗਾਰ ਦੇ ਮੌਕੇ ਖੋਲ੍ਹੇਗਾ।
ਮੁੱਖ ਮੰਤਰੀ ਨੇ ਕਿਹਾ, “ਇਸ ਪ੍ਰਾਜੈਕਟ ਤਹਿਤ ਪਹਿਲੇ ਪੜਾਅ ਵਿੱਚ ਇਕ ਏਕੀਕ੍ਰਿਤ ਕੈਂਪਸ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਇਕ ਸਾਫਟਵੇਅਰ ਡਿਵੈਲਪਮੈਂਟ ਬਲਾਕ, ਫੂਡ ਕੋਰਟ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ। ਕੈਂਪਸ ਵਿੱਚ 3.50 ਲੱਖ ਵਰਗ ਫੁੱਟ ਦਾ ਰਕਬਾ ਨਿਰਮਾਣ ਅਧੀਨ ਹੋਵੇਗਾ, ਜਿਸ ਵਿੱਚ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਪੰਜਾਬ ਸਰਕਾਰ ਇਸ ਪ੍ਰਾਜੈਕਟ ਲਈ ਇਨਫੋਸਿਸ ਨੂੰ ਪੂਰਾ ਸਹਿਯੋਗ ਦੇਵੇਗੀ, ਜਿਸ ਨਾਲ ਹੋਰ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਹੋਣਗੀਆਂ ਅਤੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ।”
ਇਨਫੋਸਿਸ ਦੇ ਆਲਮੀ ਕੱਦ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨਫੋਸਿਸ ਤਕਨਾਲੋਜੀ ਅਤੇ ਡਿਜੀਟਲ ਸੇਵਾਵਾਂ ਵਿੱਚ ਵਿਸ਼ਵ ਪੱਧਰ `ਤੇ ਮਸ਼ਹੂਰ ਕੰਪਨੀ ਹੈ ਅਤੇ ਇਸ ਵੇਲੇ ਦੁਨੀਆ ਭਰ ਵਿੱਚ ਇਸ ਦੇ 3,37,034 ਕਰਮਚਾਰੀ ਹਨ। ਵਿੱਤੀ ਸਾਲ 2025-26 ਵਿੱਚ ਕੰਪਨੀ ਨੇ ਪਹਿਲੇ ਨੌਂ ਮਹੀਨਿਆਂ ਵਿੱਚ 15.12 ਅਰਬ ਡਾਲਰ ਦੀ ਆਮਦਨ ਰਿਕਾਰਡ ਕੀਤੀ ਹੈ। ਇਸ ਨਾਲ ਪੰਜਾਬ ਹੁਣ ਵਿਸ਼ਵ ਉਦਯੋਗਿਕ ਨਕਸ਼ੇ `ਤੇ ਉਭਰਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਮਾਰਚ 2022 ਤੋਂ ਪੰਜਾਬ ਨੂੰ 1.55 ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਸ ਨਾਲ 5.44 ਲੱਖ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਹੋਵੇਗਾ।
ਸੂਬੇ ਦੇ ਭਵਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨਫੋਸਿਸ ਵੱਲੋਂ ਆਪਣੇ ਕੈਂਪਸ ਦੇ ਵਿਸਥਾਰ ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਨਾਲ ਨਾਲ ਤਕਨਾਲੋਜੀ ਅਤੇ ਨਵੀਨਤਾ ਦੇ ਉੱਭਰ ਰਹੇ ਕੇਂਦਰ ਵਜੋਂ ਪੰਜਾਬ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ, “ਇਹ ਨਿਵੇਸ਼ ਪੰਜਾਬ ਅਤੇ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮਹੱਤਵਪੂਰਨ ਮੌਕੇ ਪੈਦਾ ਕਰੇਗਾ, ਨਾਲ ਹੀ ਸੂਬੇ ਦੇ ਆਈ.ਟੀ. ਈਕੋਸਿਸਟਮ ਨੂੰ ਮਜ਼ਬੂਤ ਕਰੇਗਾ। ਅਸੀਂ ਉਮੀਦ ਕਰਦੇ ਹਾਂ ਕਿ ਖੇਤਰ ਵਿੱਚ ਤਕਨਾਲੋਜੀ ਆਧਾਰਤ ਅਤੇ ਸਮੁੱਚੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨਫੋਸਿਸ ਵੱਲੋਂ ਯਤਨ ਜਾਰੀ ਰਹਿਣਗੇ।” ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ