
ਚੰਡੀਗੜ੍ਹ, 12 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਖਿਲਾਫ ਕੀਤੀਆਂ ਗਈਆਂ ਬੇਹੱਦ ਇਤਰਾਜ਼ਯੋਗ, ਅਪਮਾਨਜਨਕ ਤੇ ਅਸ਼ਲੀਲ ਟਿੱਪਣੀਆਂ ਦਾ ਨੋਟਿਸ ਲਵੇ ਅਤੇ ਉਨ੍ਹਾਂ ਖਿਲਾਫ ਐਫ ਆਈ ਆਰ ਦਰਜ ਕਰਨ ਵਾਸਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਦਾਇਤ ਦੇਵੇ।
ਕਮਿਸ਼ਨ ਦੇ ਚੇਅਰਪਰਸਨ ਨੂੰ ਲਿਖੇ ਪੱਤਰ ਵਿਚ ਬਠਿੰਡਾ ਤੋਂ ਐਮ ਪੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਉਹ ਔਰਤਾਂ ਨੂੰ ਪੀਲਾ ਭੂੰਡ ਅਤੇ ਪਾਕਿਸਤਾਨ ਦਾ ਝੰਡਾ ਕਰਾਰ ਦਿੰਦੇ ਸਨ ਤੇ ਜਿਹੋ ਜਿਹਾ ਸੂਟ ਪਾਇਆ ਹੁੰਦਾ ਸੀ, ਉਸ ਮੁਤਾਬਕ ਟਿੱਪਣੀਆਂ ਕਰਦੇ ਸਨ ਤੇ ਆਪਣੇ ਦੋਸਤਾਂ ਨੂੰ ਝੂਠ ਬੋਲਦੇ ਸਨ ਕਿ ਉਨ੍ਹਾਂ ਦਾ ਲੜਕੀ ਨਾਲ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਮੰਦਭਾਗੀ ਗੱਲ ਹੈ ਕਿ ਕਾਲਜ ਦਿਨਾਂ ਵਿਚ ਲੜਕੀਆਂ ਵਿਚੋਂ ਇਕ ਜਿਸਨੇ ਉਨ੍ਹਾਂ ਨਾਲ ਦੋਸਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਨੂੰ ਕਾਲਜ ਵਿਚ ਉਨ੍ਹਾਂ ਦਾ ਸਵਾਗਤ ਕਰਨ ਵਾਸਤੇ ਮਜ਼ਬੂਰ ਹੋਣਾ ਪਿਆ ਜਿਥੇ ਉਹ ਮੁੱਖ ਮਹਿਮਾਨ ਵਜੋਂ ਗਏ ਸਨ।
ਬਾਦਲ ਨੇ ਕਿਹਾ ਕਿ ਜਿਸ ਤਰੀਕੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਅਕਾਦਮਿਕ ਭਾਈਚਾਰੇ ਦੇ ਸਾਹਮਣੇ ਅਜਿਹੀਆਂ ਗੱਲਾਂ ਕੀਤੀਆਂ ਗਈਆਂ, ਉਸ ਨਾਲ ਔਰਤਾਂ ਦੇ ਮਾਣ ਸਨਮਾਨ ਨੂੰ ਵੱਡੀ ਠੇਸ ਪਹੁੰਚੀ ਹੈ ਤੇ ਗੁੰਡਾਗਰਦੀ, ਛੇੜਛਾੜ ਤੇ ਔਰਤਾਂ ਪ੍ਰਤੀ ਮੰਦੀ ਸ਼ਬਦਾਵਲੀ ਬੋਲਣ ਨੂੰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨਕ ਅਹੁਦੇ ’ਤੇ ਬੈਠੇ ਅਤੇ ਸਰਕਾਰ ਦੇ ਮੁਖੀ ਇਕ ਵਿਅਕਤੀ ਨੂੰ ਅਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ ਹਨ। ਸੱਚਾਈ ਇਹ ਹੈ ਕਿ ਭਗਵੰਤ ਮਾਨ ਨੇ ਕਾਲਜ ਵਿਦਿਆਰਥੀਆਂ ਦੇ ਸਾਹਮਣੇ ਅਜਿਹੇ ਅਪਮਾਨਜਨਕ ਸ਼ਬਦ ਵਰਤੇ ਹਨ ਜਿਸ ਤੋਂ ਖ਼ਤਰਨਾਕ ਸੰਦੇਸ਼ ਗਿਆ ਹੈ ਕਿ ਔਰਤਾਂ ਦੇ ਮਾਣ ਸਨਮਾਨ ਤੇ ਪਛਾਣ ਨੂੰ ਸਿਰਫ ਹਾਸੇ ਮਜ਼ਾਕ ਤੇ ਸਸਤੇ ਮਖੌਲ ਵਾਸਤੇ ਘਟਾ ਕੇ ਪੇਸ਼ ਕੀਤਾ ਜਾ ਸਕਦਾ ਹੈ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਜਿਣਸੀ ਛੇੜਛਾੜ (ਧਾਰਾ 74), ਔਰਤ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ (ਧਾਰਾ 79) ਅਤੇ ਔਰਤ ਨੂੰ ਬੇਪਤ ਕਰਨ ਦਾ ਇਰਾਦਾ ਕਰਨਾ (ਧਾਰਾ 75) ਬੀ ਐਨ ਐਸ ਦੇ ਤਹਿਤ ਕੇਸ ਦਰਜ ਕਰਨ ਦਾ ਸਹੀ ਕੇਸ ਬਣਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਸੰਵਿਧਾਨ ਦੀ ਧਾਰਾ 14, 15 ਅਤੇ 21 ਦੇ ਤਹਿਤ ਬਿਨਾਂ ਲਿੰਗ ਭੇਦ ਦੇ ਬਰਾਬਰੀ ਦੇ ਦਿੱਤੇ ਅਧਿਕਾਰ ਦੇ ਵੀ ਉਲਟ ਹੈ।
ਬਾਦਲ ਨੇ ਆਪਣੇ ਪੱਤਰ ਵਿਚ ਇਹ ਵੀ ਕਿਹਾ ਕਿ ਜਨਤਕ ਤੌਰ ’ਤੇ ਔਰਤਾਂ ਦੇ ਮਾਣ ਸਨਮਾਨ ਨਾਲ ਕਿਸੇ ਵੀ ਤਰੀਕੇ ਸਮਝੌਤਾ ਨਹੀਂ ਹੋਣਾ ਚਾਹੀਦਾ ਖਾਸ ਤੌਰ ’ਤੇ ਜਦੋਂ ਬਿਆਨਬਾਜ਼ੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੋਵੇ ਜਿਹਨਾਂ ਦੇ ਮੋਢਿਆਂ ’ਤੇ ਸਰਕਾਰ ਚਲਾਉਣ ਤੇ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੋਵੇ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦੀ ਹਾਂ ਕਿ ਕੌਮੀ ਮਹਿਲਾ ਕਮਿਸ਼ਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਮਾਮਲੇ ਵਿਚ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਦੇ ਹੁਕਮ ਦੇਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ