
ਫਾਜ਼ਿਲਕਾ, 13 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਵਧੀਕ ਡਿਪਟੀ ਕਮਿਸ਼ਨਰ (ਵਿ) ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੂੰ ਨਾਲ ਲੈ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ ਜ਼ਿਲ੍ਹਾ ਐਨੀਮਲ ਵੈੱਲਫੇਅਰ ਸੁਸਾਇਟੀ (ਕੈਡਲ ਪੋਂਡ) ਗਊਸ਼ਾਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਗਊਸ਼ਾਲਾ ਵਿਖੇ ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪ੍ਰਬੰਧਾਂ ਨੂੰ ਹੋਰ ਬਿਹਤਰ ਕਰਨ ਲਈ ਅਧਿਕਾਰੀਆਂ ਅਤੇ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀਆਂ ਅਤੇ ਗਊਸ਼ਾਲਾਂ ਦੇ ਕਰਮਚਾਰੀਆਂ ਨੂੰ ਗਊਆਂ ਦੀ ਦੇਖਭਾਲ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਤੇ ਗਊਆਂ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਹੋਣ ਵਾਲੇ ਵਿਕਾਸ ਕਾਰਜ ਜਲਦ ਤੋਂ ਜਲਦ ਨੇਪਰੇ ਚਾੜੇ ਜਾਣ। ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਰੱਖ-ਰਖਾਓ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਊਸ਼ਾਲਾ ਵਿਖੇ ਹਰੇ ਚਾਰੇ ਦੀ ਬਿਜਾਈ ਕਰਵਾਈ ਜਾਵੇ ਅਤੇ ਮੁਕੰਮਲ ਸੁਪਰਵੀਜਨ ਕੀਤੀ ਜਾਵੇ।
ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਊ ਵੰਸ਼ ਦਾ ਰੋਜ਼ਾਨਾ ਪੱਧਰ ਤੇ ਚੈਕ ਅਪ ਕੀਤਾ ਜਾਵੇ ਤਾਂ ਜੋ ਗਊਵੰਸ਼ ਨੂੰ ਸਿਹਤ ਪੱਖੋਂ ਪ੍ਰੇਸ਼ਾਨੀ ਨਾ ਆਵੇ। ਇਸ ਦੌਰਾਨ ਉਨ੍ਹਾਂ ਸਰਕਾਰੀ ਕੈਟਲ ਪੌਂਡ (ਗਊਸ਼ਾਲਾ) ਵਿੱਚ ਚੱਲ ਰਹੇ ਬਾਇਓ ਗੈਸ ਪਲਾਂਟ ਦਾ ਵੀ ਦੌਰਾ ਕੀਤਾ ਅਤੇ ਇਸ ਬਾਰੇ ਮੁਕੰਮਲ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਇਸਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨਰੇਗਾ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਲੋੜੀਂਦੀ ਮਾਤਰਾ ਵਿੱਚ ਗਊਸ਼ਾਲਾ ਵਿਖੇ ਲੇਬਰ ਮੁਹੱਈਆ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਖੇ 800 ਦੇ ਕਰੀਬ ਗਊਵੰਸ਼ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਕੈਟਲ ਪੌਂਡ ਨੂੰ ਹੋਰ ਬਿਹਤਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਗਊਸ਼ਾਲਾ ਮੈਨੇਜਮੈਂਟ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੁੰ ਦਰਸ਼ਾਈਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਦਾਨ-ਪੁੰਨ ਦੀ ਸੇਵਾ ਨਿਭਾਈ ਜਾਂਦੀ ਹੈ। ਉਨ੍ਹਾਂ ਹੋਰਨਾਂ ਲੋਕਾਂ ਤੇ ਸਮਾਜਸੇਵੀਆਂ ਨੂੰ ਅਪੀਲ ਕੀਤੀ ਕਿ ਗਊਸ਼ਾਲਾ ਵਿਖੇ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਤਾਂ ਜੋ ਗਊਸ਼ਾਲਾ ਦੀ ਹੋਰ ਬਿਹਤਰੀਨ ਢੰਗ ਨਾਲ ਸੰਭਾਲ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ