
ਲੁਧਿਆਣਾ, 14 ਮਾਰਚ (ਹਿੰ.ਸ.)। ਪੰਜਾਬ ਸਰਕਾਰ ਵੱਲੋਂ ਸੇਵਾ-ਮੁਕਤ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਲਈ ਡਿਜੀਟਲ ਲਾਈਫ ਸਰਟੀਫਿਕੇਟ (ਜੀਵਣ ਪ੍ਰਮਾਣ) ਜਮ੍ਹਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਖਜ਼ਾਨਾ ਅਫ਼ਸਰ, ਲੁਧਿਆਣਾ ਉਪਨੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਕਈ ਪੈਨਸ਼ਨਰਾਂ ਵੱਲੋਂ ਅਜੇ ਤੱਕ ਵੀ ਬੈਂਕਾਂ ਵਿੱਚ ਮੈਨੁਅਲ ਸਰਟੀਫਿਕੇਟ ਜਮ੍ਹਾਂ ਕਰਵਾਏ ਗਏ ਹਨ, ਜੋ ਕਿ ਹੁਣ ਮਾਨਤਾ ਪ੍ਰਾਪਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਆਪਣੀ ਪੈਨਸ਼ਨ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਤੁਰੰਤ ਆਪਣਾ ਡਿਜੀਟਲ ਸਰਟੀਫਿਕੇਟ ਨਜ਼ਦੀਕੀ ਖਜ਼ਾਨਾ ਦਫ਼ਤਰ, ਸਬੰਧਤ ਬੈਂਕ ਦੀ ਬ੍ਰਾਂਚ ਜਾਂ ਸੇਵਾ ਕੇਂਦਰ ਵਿਖੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੋਰ-ਸਟੈਪ ਡਿਲਿਵਰੀ: ਤੁਸੀਂ ਰਾਜ ਸਰਕਾਰ ਦੀ 'ਘਰ ਬੈਠੇ ਸੇਵਾ' ਰਾਹੀਂ 1076 ’ਤੇ ਕਾਲ ਕਰਕੇ ਵੀ ਇਸ ਸੁਵਿਧਾ ਦਾ ਲਾਭ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਪੈਨਸ਼ਰ ਘਰ ਬੈਠੇ ਹੀ ਜੀਵਣ ਪ੍ਰਮਾਣ ਪੱਤਰ ਐਪ ਡਾਊਨਲੋਡ ਕਰਕੇ ਵੀ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਜ਼ਿਲ੍ਹਾ ਖਜ਼ਾਨਾ ਅਫ਼ਸਰ, ਲੁਧਿਆਣਾ ਉਪਨੀਤ ਸਿੰਘ ਵੱਲੋਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ 31 ਮਾਰਚ, 2026 ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ