
ਚੰਡੀਗੜ੍ਹ, 16 ਮਾਰਚ (ਹਿੰ.ਸ.)। ਕਾਨੂੰਨ ਵਿਵਸਥਾ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਗੈਂਗਸਟਰਾਂ 'ਤੇ ਵਾਰ’ ਅਤੇ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਗਠਿਤ ਗੈਂਗ ਪੰਜਾਬ ਵਿੱਚ ਪੈਰ ਨਾ ਪਸਾਰ ਸਕਣ। ਹੁਣ ਤੱਕ 12,000 ਪੁਲਿਸ ਮੁਲਾਜ਼ਮਾਂ ਵਾਲੀਆਂ ਟੀਮਾਂ ਵੱਲੋਂ 44,424 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਨਾਲ 14,722 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ 711 ਭਗੌੜੇ ਅਪਰਾਧੀ ਵੀ ਸ਼ਾਮਲ ਹਨ।
ਮਾਨ ਨੇ ਕਿਹਾ ਕਿ ਇਸ ਕਾਰਵਾਈ ਤਹਿਤ 76 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕਰਕੇ ਅਤੇ 486 ਅੱਤਵਾਦੀਆਂ ਅਤੇ ਕੱਟੜਪੰਥੀਆਂ ਨੂੰ ਵੱਡੀ ਮਾਤਰਾ ਵਿੱਚ ਹਥਿਆਰਾਂ, ਵਿਸਫੋਟਕਾਂ ਅਤੇ ਗ੍ਰਨੇਡਾਂ ਸਮੇਤ ਕਾਬੂ ਕਰਕੇ ਅੱਤਵਾਦੀ ਨੈੱਟਵਰਕਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਮੁਤਾਬਕ ਪੰਜਾਬ ਦੀ ਅਪਰਾਧ ਦਰ ਘੱਟ ਕੇ ਪ੍ਰਤੀ ਲੱਖ ਵਿਅਕਤੀ ਪਿੱਛੇ 227 ਅਪਰਾਧ ਹੋ ਗਈ ਹੈ ਜੋ ਕਿ 448 ਦੀ ਕੌਮੀ ਔਸਤ ਦਾ ਲਗਭਗ ਅੱਧਾ ਹੈ ਅਤੇ ਹਰਿਆਣਾ ਦੀ 740 ਦੀ ਅਪਰਾਧ ਦਰ ਨਾਲੋਂ ਤਿੰਨ ਗੁਣਾ ਘੱਟ ਹੈ।
ਮਾਨ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਹੱਦ ਪਾਰ ਦੇ ਡਰੋਨ ਖਤਰਿਆਂ ਨਾਲ ਨਜਿੱਠਣ ਲਈ 9 ਉੱਨਤ ਐਂਟੀ-ਡਰੋਨ ਸਿਸਟਮ ਖਰੀਦੇ ਗਏ ਹਨ। ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ ਕੁੱਲ 12,197 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਹੈ ਜਿਨ੍ਹਾਂ ਵਿੱਚ 1,062 ਸਬ ਇੰਸਪੈਕਟਰ, 450 ਹੈੱਡ ਕਾਂਸਟੇਬਲ ਅਤੇ 10,285 ਕਾਂਸਟੇਬਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੇ ਆਧੁਨਿਕੀਕਰਨ, ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ, ਸਾਈਬਰ ਸਮਰੱਥਾਵਾਂ, ਖੁਫੀਆ ਜਾਣਕਾਰੀ ਦੀ ਮਜ਼ਬੂਤੀ, ਸਰਹੱਦੀ ਪੁਲਿਸ ਸਟੇਸ਼ਨਾਂ ਅਤੇ ਪੁਲਿਸ ਭਲਾਈ ਵਿੱਚ 1,156 ਕਰੋੜ ਰੁਪਏ ਤੋਂ ਵੱਧ ਦਾ ਖਰਚ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ