
ਚੰਡੀਗੜ੍ਹ, 16 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਝ ਲੋਕਾਂ ਨੇ ਫੰਡਾਂ ਦੇ ਪ੍ਰਬੰਧਨ ਬਾਰੇ ਸ਼ੱਕ ਪ੍ਰਗਟਾਇਆ ਸੀ ਪਰ ਪੰਜਾਬ ਸਰਕਾਰ ਨੇ ਕਈ ਪਹਿਲਕਦਮੀਆਂ ਰਾਹੀਂ ਮੁਕੰਮਲ ਵਿਕਾਸ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਗਰੂਰ ਵਿਖੇ ਮੈਡੀਕਲ ਕਾਲਜ ਹੁਣ ਤੱਕ ਕਾਰਜਸ਼ੀਲ ਹੋ ਜਾਣਾ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਰੁਕਾਵਟਾਂ ਪੈਦਾ ਕੀਤੀਆਂ ਜੋ ਸੂਬੇ ਦੇ ਹਿੱਤਾਂ ਦੇ ਵਿਰੁੱਧ ਸਨ।
ਮਾਨ ਨੇ ਕਿਹਾ ਕਿ ਭਾਜਪਾ ਸਰਕਾਰਾਂ ਕਦੇ ਵੀ ਵਾਅਦੇ ਪੂਰੇ ਕਰਨ ਵੱਲ ਧਿਆਨ ਨਹੀਂ ਦਿੰਦੀਆਂ ਅਤੇ ਵਾਰ-ਵਾਰ ਪੇਪਰ ਲੀਕ ਕਰਕੇ ਨੌਜਵਾਨਾਂ ਦੇ ਭਵਿੱਖ ਨੂੰ ਵੀ ਬਰਬਾਦ ਕਰ ਦਿੱਤਾ ਹੈ। ਲੋਕਾਂ ਦੇ ਖਾਤਿਆਂ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ 2 ਕਰੋੜ ਨੌਕਰੀਆਂ ਦੇਣ ਵਰਗੇ ਵਾਅਦੇ ਜ਼ੁਮਲਾ ਸਾਬਤ ਹੋਏ ਹਨ।
ਮਾਨ ਨੇ ਕਿਹਾ ਕਿ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਨਫ਼ਰਤ ਦੇ ਬੀਜ ਕਦੇ ਨਹੀਂ ਪੁੰਗਰਨਗੇ ਅਤੇ ਸੂਬੇ ਨੂੰ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਨਹੀਂ ਹੈ ਕਿਉਂਕਿ ਇੱਕ ਇੰਜਣ ਨਾਲ ਪਹਿਲਾਂ ਹੀ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਨ.ਐਚ.ਐਮ., ਆਰ.ਡੀ.ਐਫ. ਅਤੇ ਹੋਰ ਯੋਜਨਾਵਾਂ ਨਾਲ ਸਬੰਧਤ ਪੰਜਾਬ ਦੇ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ ਜੋ ਕਿ ਘੋਰ ਬੇਇਨਸਾਫ਼ੀ ਹੈ ਅਤੇ ਸੰਘੀ ਢਾਂਚੇ ਨੂੰ ਢਾਹ ਲਗਾਉਣ ਵਾਲਾ ਵਤੀਰਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਆਗੂ ਜਿਨ੍ਹਾਂ ਦੀ ਪਾਰਟੀ ਵਿੱਚ ਲੀਡਰਸ਼ਿਪ ਵੀ ਨਹੀਂ ਹੈ, ਹੁਣ ਚੋਣ ਟਿਕਟਾਂ ਵੰਡਣ ਲਈ ਗੈਂਗਸਟਰਾਂ ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਆਪਣੇ ਸ਼ਾਸਨ ਦੌਰਾਨ ਪ੍ਰਫੁੱਲਤ ਹੋਏ ਗੈਂਗਸਟਰ ਸੱਭਿਆਚਾਰ ਬਾਰੇ ਅਣਜਾਣ ਬਣਨ ਦਾ ਦਿਖਾਵਾ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਉਹ ਹੁਣ ਪੰਜਾਬ ਬਚਾਓ ਦੇ ਨਾਅਰੇ ਲਾ ਰਹੇ ਹਨ ਪਰ ਲੋਕ ਉਨ੍ਹਾਂ ਦੀਆਂ ਸੌੜੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਮਾਨ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਵੀ ਪੰਜਾਬ ਵਿੱਚ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ