
ਚੰਡੀਗੜ੍ਹ, 17 ਮਾਰਚ (ਹਿੰ.ਸ.)। ਡੇਰਾਬੱਸੀ ਦੀ ਇੱਕ ਅਦਾਲਤ ਨੇ ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ, ਜਿਸ ਵਿੱਚ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ – ਜਿਸ ਵਿੱਚ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸਿੰਘ ਸੋਹੀ ਵੀ ਸ਼ਾਮਲ ਹਨ। ਅਦਾਲਤ ਨੇ ਤਿੰਨਾਂ ਨੂੰ ਦੋ-ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ ਹਰੇਕ ਨੂੰ 10,000 ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ ਕਰੋੜਾਂ ਦੇ ਚੈੱਕ ਬਾਊਂਸ ਹੋਣ ਨਾਲ ਸਬੰਧਤ ਹੈ। ਹਾਲਾਂਕਿ ਮੌਕੇ 'ਤੇ ਤਿੰਨਾਂ ਨੇ ਜ਼ਮਾਨਤ ਲੈ ਲਈ ਹੈ।
ਰਿਪੋਰਟਾਂ ਅਨੁਸਾਰ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਪ੍ਰਨੀਤ ਕੌਰ ਦੀ ਅਦਾਲਤ ਨੇ ਲਗਭਗ ਸੱਤ ਸਾਲਾਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਇਹ ਫੈਸਲਾ ਸੁਣਾਇਆ। ਦੋਸ਼ੀ ਵਿਅਕਤੀਆਂ ਵਿੱਚ ਸ਼ਾਹਬਾਜ਼ ਸਿੰਘ ਸੋਹੀ (ਮੌਜੂਦਾ ਸਮੇਂ ਚੰਡੀਗੜ੍ਹ ਵਿੱਚ ਰਹਿੰਦੇ ਹਨ, ਮੂਲ ਰੂਪ ਵਿੱਚ ਜ਼ੀਰਕਪੁਰ ਤੋਂ), ਜਤਿੰਦਰ ਸਿੰਘ ਨੋਨੀ ਅਤੇ ਨਛੱਤਰ ਸਿੰਘ ਸ਼ਾਮਲ ਹਨ। ਹਾਲਾਂਕਿ, ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ, ਤਿੰਨਾਂ ਨੇ ਲੋੜੀਂਦੇ ਜ਼ਮਾਨਤੀ ਬਾਂਡ ਜਮ੍ਹਾਂ ਕਰਵਾ ਕੇ ਮੌਕੇ ‘ਤੇ ਹੀ ਜ਼ਮਾਨਤ ਪ੍ਰਾਪਤ ਕਰ ਲਈ।
ਇਹ ਮਾਮਲਾ 2018 ਵਿੱਚ ਸ਼ੁਰੂ ਹੋਇਆ ਸੀ, ਜਦੋਂ ਸ਼ਿਕਾਇਤਕਰਤਾ, ਕਮਲਜੀਤ ਸਿੰਘ ਕਾਮਾ ਨੇ ਠੱਗੀ ਦੇ ਮਾਮਲੇ ਸਬੰਧੀ ਸਾਲ 2018 ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।ਦੋਸ਼ ਲਗਾਇਆ ਗਿਆ ਸੀ ਕਿ ‘ਮੈਸਰਜ਼ ਪਲੈਟੀਨਮ ਸਮਾਰਟ ਬਿਲਡਕਾਨ’ ਨਾਮ ਦੀ ਕੰਪਨੀ ਦੇ ਤਿੰਨ ਭਾਈਵਾਲਾਂ ਨੇ ਰਾਜਪੁਰਾ ਵਿੱਚ ਹਾਊਸਿੰਗ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੇ ਪਲਾਟ ਵੇਚਣ ਦਾ ਸਮਝੌਤਾ ਕੀਤਾ ਸੀ। ਸੌਦਾ ਸਿਰੇ ਨਾ ਚੜ੍ਹਨ ਦੇ ਬਾਵਜੂਦ, ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ 3.5 ਕਰੋੜ ਰੁਪਏ ਦਾ ਚੈੱਕ ਜਾਰੀ ਕੀਤਾ, ਜੋ ਬਾਅਦ ਵਿੱਚ ਬਾਊਂਸ ਹੋ ਗਿਆ। ਸ਼ਿਕਾਇਤਕਰਤਾ ਦੇ ਵਕੀਲ ਭਰਤ ਜੋਸ਼ੀ ਦੇ ਅਨੁਸਾਰ, ਅਦਾਲਤ ਨੇ ਸ਼ਿਕਾਇਤਕਰਤਾ ਦੇ ਕੇਸ ਨੂੰ ਮਜ਼ਬੂਤ ਮੰਨਦੇ ਹੋਏ ਇੱਕ ਲੰਬੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ।
ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੇ ਤੁਰੰਤ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ, ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਰਕਮ ਭਰਨ ਉਪਰੰਤ ਅਸਥਾਈ ਰਾਹਤ ਮਿਲ ਗਈ। ਅਦਾਲਤ ਨੇ ਉਨ੍ਹਾਂ ਨੂੰ ਉੱਚ ਅਦਾਲਤ ਵਿਚ ਅਪੀਲ ਕਰਨ ਦਾ ਹੱਕ ਵੀ ਦਿੱਤਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ