
ਫਾਜ਼ਿਲਕਾ, 17 ਮਾਰਚ (ਹਿੰ.ਸ.)। ਫਾਜ਼ਿਲਕਾ ਸ਼ਹਿਰ ਦੇ ਲਾਲ ਬੱਤੀ ਚੌਕ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਦੂਜਾ ਮੋਟਰਸਾਈਕਲ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ, ਜਿਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਜ਼ਖ਼ਮੀ ਨੂੰ ਹਸਪਤਾਲ ਭਰਤੀ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਸਲੇਮਸ਼ਾਹ ਦੇ ਰਹਿਣ ਵਾਲੇ ਹਨ। ਉਹ ਆਪਣੇ ਭਤੀਜੇ ਗੁਰਪ੍ਰੀਤ ਨਾਲ ਪਿੰਡ ਜਾ ਰਹੇ ਸਨ ਕਿ ਲਾਲ ਬੱਤੀ ਚੌਕ ਕੋਲ ਦੂਜੇ ਮੋਟਰਸਾਈਕਲ ਸਵਾਰ ਨੇ ਗਲਤ ਪਾਸਿਓਂ (ਰੌਂਗ ਸਾਈਡ) ਆ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੁਰਪ੍ਰੀਤ ਦੇ ਪੈਰ ਦੀ ਇੱਕ ਉਂਗਲ ਕੱਟੀ ਗਈ ਹੈ। ਧਰਮਪ੍ਰੀਤ ਅਨੁਸਾਰ ਦੂਜਾ ਮੋਟਰਸਾਈਕਲ ਸਵਾਰ ਨਸ਼ੇ ਵਿੱਚ ਸੀ ਅਤੇ ਹਾਦਸੇ ਤੋਂ ਤੁਰੰਤ ਬਾਅਦ ਭੱਜ ਗਿਆ। ਪੁਲਿਸ ਦਾ ਕਹਿਣਾ ਹੈ ਕਿ ਐਮ.ਐਲ.ਆਰ. ਪ੍ਰਾਪਤ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ