
ਤਰਨ ਤਾਰਨ, 18 ਮਾਰਚ (ਹਿੰ.ਸ.)। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ ਵਿਚ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਰਾਜ ਵਿਚ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਉਨਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ। ਕਰੀਬ 4000 ਰੁਪਏ ਦੀ ਕੀਮਤ ਵਾਲੀ ਇਹ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਚ.ਪੀ.ਵੀ ਵੈਕਸੀਨ ਰਾਜ ਵਚ 14 ਸਾਲ ਦੀਆਂ ਲੜਕੀਆਂ ਨੂੰ ਇਸ ਵੱਡੀ ਬਿਮਾਰੀ ਤੋਂ ਬਚਾਉਂਦੀ ਹੈ।
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ ਹੈ। 14ਵਾਂ ਜਨਮ ਦਿਨ ਮਨਾ ਚੁੱਕੀਆਂ ਕੁੜੀਆਂ ਨੂੰ ਇਹ ਟੀਕੇ ਮੁਫ਼ਤ ਲਾਏ ਜਾ ਰਹੇ ਹਨ। ਸਰਵਾਈਕਲ ਕੈਂਸਰ ਔਰਤਾਂ ਵਿਚ ਹੋਣ ਵਾਲੇ ਗੰਭੀਰ ਕੈਂਸਰ 'ਚੋਂ ਇਕ ਹੁੰਦਾ ਹੈ, ਜੋ ਕਿ ਗਰਭ ਅਵਸਥਾ ਦੇ ਨਿਚਲੇ ਵਰਤਾਰੇ ਵਿਚ ਹੁੰਦਾ ਹੈ ਅਤੇ ਇਸ ਦਾ ਮੁੱਖ ਕਾਰਨ ਹਿਊਮਨ ਪੈਪਿਲੋਮਾ ਵਾਇਰਸ (ਐਚ.ਪੀ.ਵੀ) ਹੈ। ਉਨ੍ਹਾਂ ਕਿਹਾ ਕਿ ਸਮੇਂ 'ਤੇ ਟੀਕਾਕਰਨ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਦੱਸਿਆ ਕਿ ਐਚ.ਪੀ.ਵੀ ਟੀਕਾਕਰਨ ਨਾਲ ਹੀ ਭਵਿੱਖ ਵਿਚ ਇਸ ਬਿਮਾਰੀ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਬੇਟੀਆਂ ਸੁਰੱਖਿਅਤ ਹਨ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਹਨ। ਇਹ ਵੈਕਸੀਨ ਕਾਫੀ ਮਹਿੰਗੀ ਹੈ ਪਰ ਸਰਕਾਰ ਦੇ ਵਿਸੇਸ਼ ਉਪਰਾਲੇ ਨਾਲ ਸਿਹਤ ਵਿਭਾਗ ਬਿਲਕੁਲ ਮੁਫ਼ਤ ਵੈਕਸੀਨ ਲਗਾ ਰਿਹਾ ਹੈ। ਵੱਖ-ਵੱਖ ਥਾਵਾਂ 'ਤੇ ਟੀਕਾਕਰਨ ਕੈਂਪ ਜਾਰੀ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਕੇਂਦਰਾਂ ਵਿਚ ਯੋਗ ਕੁੜੀਆਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ