
ਪਟਿਆਲਾ, 18 ਮਾਰਚ (ਹਿੰ.ਸ.)। ਗਊਚਰਾਂਦ ਦੀ ਜ਼ਮੀਨ ਨੂੰ ਤੁਰੰਤ ਕਬਜ਼ਾ ਮੁਕਤ ਕਰਵਾ ਕੇ ਉੱਥੇ ਲਾਵਾਰਿਸ ਗਊਧਨ ਦੀ ਸੰਭਾਲ ਯਕੀਨੀ ਬਣਾਈ ਜਾਵੇ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਗਉ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਨੇ ਜ਼ਿਲ੍ਹਾ ਪੱਧਰ ਦੀ ਮਹੱਤਵਪੂਰਨ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਲਾਵਾਰਿਸ ਗਊਧਨ ਸਬੰਧੀ ਸ਼ਿਕਾਇਤਾਂ ਅਤੇ ਜਾਣਕਾਰੀ ਲਈ ਜਲਦ ਹੀ ਟੌਲ ਫ੍ਰੀ ਨੰਬਰ ਜਾਰੀ ਕੀਤੇ ਜਾਣਗੇ, ਤਾਂ ਜੋ ਆਮ ਲੋਕ ਸਿੱਧੇ ਤੌਰ ’ਤੇ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਣ।
ਇਸ ਮੀਟਿੰਗ ਵਿੱਚ ਗਊਸ਼ਾਲਾਵਾਂ ਦੇ ਪ੍ਰਧਾਨਾਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਤੇਜਿੰਦਰ ਮਹਿਤਾ (ਚੇਅਰਮੈਨ ਪਲੇਨਿੰਗ ਬੋਰਡ ਅਤੇ ਪ੍ਰਧਾਨ ਆਮ ਆਦਮੀ ਪਾਰਟੀ), ਮਹੰਤ ਰਵੀਕਾਂਤ ਮੁਨੀ ਰਵਿੰਦਰ ਸਿੰਗਲਾ, ਐਡਵੋਕੇਟ ਦੇਵਿੰਦਰ ਰਾਣਾ, ਸ਼ਾਮ ਲਾਲ, ਹਰੀਸ਼ ਮਲਹੋਤਰਾ, ਅਤੇ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਅਤੇ ਜੁਆਇੰਟ ਕਮਿਸ਼ਨਰ ਮਨਰੀਤ ਰਾਣਾ ਵੀ ਮੌਜੂਦ ਰਹੇ।
ਮੀਟਿੰਗ ਦੌਰਾਨ ਕੀਮਤੀ ਭਗਤ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਪੰਜਾਬ ਦੀਆਂ ਸੜਕਾਂ ’ਤੇ ਇਕ ਵੀ ਲਾਵਾਰਿਸ ਜਾਂ ਬੇਸਹਾਰਾ ਗਊ ਨਹੀਂ ਦਿਖਣੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗਊਧਨ ਦੀ ਸੁਰੱਖਿਆ ਸਿਰਫ ਧਾਰਮਿਕ ਨਹੀਂ, ਸਗੋਂ ਸਮਾਜਕ ਅਤੇ ਆਰਥਿਕ ਜ਼ਿੰਮੇਵਾਰੀ ਵੀ ਹੈ। ਸੜਕਾਂ ’ਤੇ ਫਿਰਦੀਆਂ ਲਾਵਾਰਿਸ ਗਊਆਂ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾਂਦੀਆਂ ਹਨ, ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਟ੍ਰੈਫਿਕ ਦੀਆਂ ਸਮੱਸਿਆਵਾਂ ਵੀ ਵਧਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਾਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਅਤੇ ਹਰ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਪਟਿਆਲਾ ਵਿੱਚ ਗੋਚਰ ਅਤੇ ਗਉਸ਼ਾਲਾ ਦੀਆਂ ਜ਼ਮੀਨਾਂ ’ਤੇ ਜਿਨ੍ਹਾਂ ਦਬੰਗ ਵਿਅਕਤੀਆਂ ਨੇ ਗੈਰਕਾਨੂੰਨੀ ਕਬਜ਼ੇ ਕੀਤੇ ਹੋਏ ਹਨ, ਉਹਨਾਂ ਨੂੰ ਤੁਰੰਤ ਹਟਾਇਆ ਜਾਵੇ। ਓਹਨਾ ਨਗਰ ਨਿਗਮ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰ ਵਿੱਚ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਐਸਐਸਪੀ ਨੂੰ ਹੁਕਮ ਦਿੱਤਾ ਕਿ ਗਊ ਸੁਰੱਖਿਆ ਸੈੱਲ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਇਸ ਸੰਬੰਧੀ ਸਟੇਟਸ ਰਿਪੋਰਟਾਂ ਨਿਯਮਿਤ ਤੌਰ ’ਤੇ ਭੇਜੀਆਂ ਜਾਣ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਸਾਰੀਆਂ ਗਊਆਂ ਦੀ ਵੈਕਸੀਨੇਸ਼ਨ ਯਕੀਨੀ ਬਣਾਈ ਜਾਵੇ ਅਤੇ ਗਉਸ਼ਾਲਾਵਾਂ ਵਿੱਚ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਦਾ ਸਪਸ਼ਟ ਸੰਕਲਪ ਹੈ ਕਿ ਜੋ ਅਧਿਕਾਰੀ ਅਤੇ ਸੰਸਥਾਵਾਂ ਇਸ ਕੰਮ ਵਿੱਚ ਸਹਿਯੋਗ ਦੇਣਗੀਆਂ, ਉਹਨਾਂ ਦਾ ਮਾਨ-ਸਤਿਕਾਰ ਕੀਤਾ ਜਾਵੇਗਾ, ਜਦਕਿ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਗਊਸ਼ਾਲਾ ਸੇਵਕਾਂ ਵੱਲੋਂ ਦਿੱਤੇ ਵਿਸ਼ਵਾਸ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਟਿਆਲਾ ਵਿਚ 39 ਗਊਸ਼ਾਲਾਵਾਂ ਹਨ ਜਿਹਨਾਂ ਦੇ ਬਿੱਲ ਮਾਫ਼ ਕੀਤੇ ਗਏ ਸਨ। ਜਿਨ੍ਹਾਂ 9 ਗਊਸ਼ਾਲਾਵਾਂ ਰਹਿ ਗਈਆਂ ਹਨ ਉਨ੍ਹਾਂ ਦੇ ਬਿਜਲੀ ਦੇ ਬਿੱਲ ਵੀ ਮਾਫ਼ ਕੀਤੇ ਜਾਣਗੇ, ਤਾਂ ਜੋ ਇਹ ਸੰਸਥਾਵਾਂ ਆਰਥਿਕ ਬੋਝ ਤੋਂ ਬਚ ਸਕਣ।
ਅਖੀਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਗਏ ਕਿ ਇਸ ਮਾਮਲੇ ਦੀ ਪ੍ਰਗਤੀ ਦੀ ਸਮੀਖਿਆ ਲਈ ਹਰ ਮਹੀਨੇ ਮੀਟਿੰਗ ਕਰਵਾਈ ਜਾਵੇ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਗਊਧਨ ਦੀ ਸੁਰੱਖਿਆ ਲਈ ਸਰਕਾਰ ਦਾ ਸਾਥ ਦੇਣ ਅਤੇ ਇਸ ਪਵਿੱਤਰ ਕੰਮ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂਪਾਲਣ ਵਿਭਾਗ ਡਾ. ਬਿਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਸੋਨਿੰਦਰ ਕੌਰ, ਸਹਾਇਕ ਡਾਇਰੈਕਟਰ ਰਾਜਨੀਕ ਭੌਰਾ, ਜਤਿੰਦਰ ਸਿੰਘ, ਅਮਨਦੀਪ ਸਿੰਘ, ਜਗਪ੍ਰੀਤ ਸਿੰਘ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ