
ਸ੍ਰੀ ਅਨੰਦਪੁਰ ਸਾਹਿਬ, 27 ਮਾਰਚ (ਹਿੰ.ਸ.)। ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਿਨੀਤਾ ਅਨੰਦ ਦੀ ਅਗਵਾਈ ਵਿਚ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਪ੍ਰੋ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੀ ਬੀ.ਏ. ਭਾਗ ਤੀਜਾ ਦੇ ਅਮਨਦੀਪ ਸਿੰਘ ਅਤੇ ਜੋਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਤੋਂ ਭਾਵ ਵਾਤਾਵਰਨੀ ਪ੍ਰਦੂਸ਼ਣ ਕਾਰਨ ਜਲਵਾਯੂ ਵਿਚ ਆ ਰਹੀਆਂ ਖਤਰਨਾਕ ਤਬਦੀਲੀਆਂ ਹਨ। ਜੰਗਲਾਂ ਦੀ ਅੰਧਾ ਧੁੰਦ ਕਟਾਈ, ਗ੍ਰੀਨ ਗੈਸਾਂ ਦਾ ਉਦਯੋਗਾਂ ਵਿਚ ਵਧਦਾ ਪ੍ਰਯੋਗ ਅਤੇ ਆਵਾਜਾਈ ਦੇ ਸਾਧਨਾਂ ਵਿਚ ਵਾਧਾ ਜਲਵਾਯੂ ਪਰਿਵਰਤਨ ਦੇ ਮੁੱਖ ਕਾਰਨ ਹਨ। ਜੈਵਿਕ ਈਂਧਨ, ਕੋਲਾ, ਅਤੇ ਗੈਸਾਂ 75 ਪ੍ਰਤੀਸ਼ਤ ਤੋਂ ਵੱਧ ਕਾਰਬਨ ਡਾਈਆਕਸਾਈਡ ਪੈਦਾ ਕਰਦੀਆਂ ਹਨ।
ਦੂਜੇ ਨੰਬਰ ਤੇ ਆਉਣ ਵਾਲੀ ਬੀ. ਕਾਮ ਭਾਗ ਤੀਜਾ ਦੀ ਜਸ਼ਨਪ੍ਰੀਤ ਕੌਰ ਅਤੇ ਬੀ.ਏ ਭਾਗ ਦੂਜਾ ਦੇ ਜਸਕਰਨ ਸਿੰਘ ਨੇ ਕਿਹਾ ਕਿ ਜਲਵਾਯੂ ਪਰਿਵਰਨ ਦੇ ਮਾਰੂ ਪ੍ਰਭਾਵਾਂ ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਵਰਖਾ ਦਾ ਪੈਟਰਨ ਬਦਲ ਰਿਹਾ ਹੈ, ਧਰਤੀ ਦੀ ਤਪਸ਼ ਵੱਧ ਰਹੀ ਹੈ। ਸੋਕਾ, ਸੁਨਾਮੀ, ਤੂਫਾਨ ਅਤੇ ਹੜ੍ਹ ਆਦਿ ਕੁਦਰਤੀ ਆਫ਼ਤਾਂ ਵਿਚ ਵਾਧਾ ਹੋ ਰਿਹਾ ਹੈ। ਖੇਤੀ ਭੂਮੀ ਦੀ ਉਪਜਾਊ ਸ਼ਕਤੀ ਘੱਟ ਹੋ ਰਹੀ ਹੈ। ਪੰਛੀਆਂ, ਜੰਗਲੀ ਅਤੇ ਸਮੁੰਦਰੀ ਜੀਵ ਜੰਤੂਆਂ ਦੀਆਂ ਨਸ਼ਲਾਂ ਲੁਪਤ ਹੋ ਰਹੀਆਂ ਹਨ ਅਤੇ ਅਨਾਜ ਦੇ ਪੋਸ਼ਿਟਕ ਤੱਤਾਂ ਵਿੱਚ ਕਮੀ ਆ ਰਹੀ ਹੈ।
ਤੀਜੇ ਨੰਬਰ ਤੇ ਆਉਣ ਵਾਲੀ ਬੀ.ਏ. ਭਾਗ ਪਹਿਲਾ ਦੀ ਕਾਜਲ ਅਤੇ ਬੀ.ਏ ਭਾਗ ਦੂਜਾ ਦੀ ਅਨੂੰ ਦੇਵੀ ਨੇ ਕਿਹਾ ਕਿ ਭਾਰਤ ਵਿਚ ਵਿਕਾਸ ਪ੍ਰੋਜੈਕਟਾਂ ਦੇ ਨਾਂ ’ਤੇ ਸੰਨ 2000 ਤੋਂ ਲੈ ਕੇ ਹੁਣ ਤੱਕ 2.33 ਮਿਲੀਅਨ ਹੈਕਟੇਅਰ ਖੇਤਰ ਵਿਚ ਲੱਗੇ ਰੁੱਖ ਕੱਟੇ ਗਏ ਹਨ। ਸੰਨ 1979 ਤੋਂ ਲੈ ਕੇ ਹੁਣ ਤੱਕ ਗਲੇਸ਼ੀਅਰ 40 ਫੀਸਦੀ ਘੱਟ ਗਏ ਹਨ। ਪ੍ਰੋ. ਅਮਿਤ ਕੁਮਾਰ ਯਾਦਵ ਅਤੇ ਪ੍ਰੋ. ਸ਼ਰਨਦੀਪ ਨੇ ਵਿਦਿਆਰਥੀਆਂ ਨੂੰ ਦਰੱਖਤ ਲਗਾਉਣ, ਪਲਾਸਟਿਕ ਦੀ ਵਰਤੋਂ ਨਾ ਕਰਨ, ਪਟਾਖੇ ਨਾ ਚਲਾਉਣ ਅਤੇ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ