
ਗੁਰਦਾਸਪੁਰ, 27 ਮਾਰਚ (ਹਿੰ.ਸ.)। ਪੀ.ਏ.ਯੂ. ਦੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਿਆਂ ਦੇ ਸਿਲਸਿਲੇ ਵਿਚ ਅੱਜ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਸਿਵਲ ਸਪਲਾਈ ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਸਨ, ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ। ਕਿਸਾਨ ਮੇਲੇ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਰਮਨ ਬਹਿਲ, ਪੰਜਾਬ ਦੇ ਗੰਨਾ ਕਮਿਸ਼ਨਰ ਡਾ ਅਮਰੀਕ ਸਿੰਘ ਅਤੇ ਸ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸਿਵਲ ਸਪਲਾਈ ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਪੰਜਾਬ, ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਮੇਲਾ ਖੇਤੀ ਗਿਆਨ ਪ੍ਰਸਾਰ ਦਾ ਮੌਕਾ ਹੈ। ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ ਕਿਸਾਨਾਂ ਤਕ ਲਿਆ ਕੇ ਆਮ ਕਿਸਾਨ ਦੀਆਂ ਮੁਸ਼ਕਲਾਂ ਦੇ ਹੱਲ ਵੱਲ ਪਹਿਲਕਦਮੀ ਕਰਨੀ ਇਨ੍ਹਾਂ ਮੇਲਿਆਂ ਦਾ ਮੰਤਵ ਹੈ। ਕਟਾਰੂਚੱਕ ਨੇ ਯੂਨੀਵਰਸਿਟੀ ਮਾਹਿਰਾਂ ਦਾ ਧੰਨਵਾਦ ਕੀਤਾ ਜੋ ਆਪਣੇ ਗਿਆਨ ਨੂੰ ਖੇਤੀਕਾਰਾਂ ਨਾਲ ਸਾਂਝੇ ਕਰਦੇ ਹਨ।
ਕਟਾਰੂਚੱਕ ਨੇ ਕਿਸਾਨ ਨੂੰ ਖੋਜ ਦਾ ਕੇਂਦਰੀ ਨੁਕਤਾ ਕਹਿੰਦਿਆਂ ਉਸਨੂੰ ਕੁਦਰਤ ਦਾ ਰਖਵਾਲਾ ਅਤੇ ਧਰਤੀ ਪੁੱਤਰ ਹੋਣ ਦਾ ਦਰਜਾ ਦਿੱਤਾ। ਅੱਜ ਦੀ ਖੇਤੀ ਨਿਰੀ ਬੀਜਣ ਵੱਢਣ ਦੀ ਕਿਰਿਆ ਨਹੀਂ ਬਲਕਿ ਇੱਕ ਪੂਰਾ ਵਿਗਿਆਨਕ ਅਮਲ ਹੈ। ਲਾਲ ਚੰਦ ਕਟਾਰੂਚੱਕ ਨੇ ਅਜੋਕੇ ਕਿਸਾਨਾਂ ਨੂੰ ਵਿਗਿਆਨਕ ਤਕਨਾਲੋਜੀ ਅਪਣਾ ਕੇ ਖੇਤੀ ਨੂੰ ਕਾਰੋਬਾਰ ਵਿੱਚ ਵਟਾਉਣ ਵੱਲ ਵਧਣ ਦਾ ਹੋਕਾ ਦਿੱਤਾ ਤੇ ਕਿਹਾ ਕਿ ਵਰਤਮਾਨ ਮੁਕਾਬਲੇ ਦੇ ਦੌਰ ਵਿੱਚ ਇਹ ਰਸਤਾ ਵੱਧ ਮੁਨਾਫੇ ਵੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੂੰ ਅਪਣੇ ਮੂਲ ਸਰੋਤ ਵਜੋਂ ਬਰਕਰਾਰ ਰੱਖਣ ਲਈ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਨਾਲ ਹੀ ਪੰਜਾਬ ਦੀ ਖੇਤੀ, ਵਾਤਾਵਰਨ ਅਤੇ ਭਵਿੱਖ ਦੀ ਰੱਖਿਆ ਕੀਤੀ ਜਾ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਖੇਤੀ ਖੋਜ ਦੇ ਵਿਕਾਸ ਅਤੇ ਭਰਪੂਰਤਾ ਲਈ ਸਰਕਾਰੀ ਵਚਨਬੱਧਤਾ ਨੂੰ ਦੁਹਰਾਇਆ। ਕਟਾਰੂਚੱਕ ਨੇ ਖੇਤੀ ਜੰਗਲਾਤ ਨੂੰ ਪ੍ਰਫੁੱਲਿਤ ਕਰਨ ਲਈ ਜ਼ਾਇਕਾ ਨਾਂ ਦੀ ਯੋਜਨਾ ਕੰਢੀ ਖੇਤਰ ਵਿਚ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਆਉਂਦੀਆਂ ਪੀੜ੍ਹੀਆਂ ਨੂੰ ਖੇਤੀ ਦੇ ਕਾਰਜਾਂ ਅਤੇ ਵਿਗਿਆਨ ਨਾਲ ਸੰਬੰਧਿਤ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।
ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਕਿਸਾਨਾਂ ਤੋਂ ਮਾਹਿਰਾਂ ਦੇ ਸਿੱਖਣ ਅਤੇ ਉਨ੍ਹਾਂ ਨੂੰ ਸਿਖਾਉਣ ਦਾ ਮੌਕਾ ਵੀ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੀ ਏ ਯੂ ਤੋਂ ਵੀ ਪੁਰਾਣਾ ਹੈ ਇਸ ਲਈ ਸਭ ਤੋਂ ਮਹੱਤਵਪੂਰਨ ਕੇਂਦਰ ਹੈ। ਇਸ ਕੇਂਦਰ ਦਾ ਮੌਸਮ ਲੁਧਿਆਣਾ ਤੋਂ ਭਿੰਨ ਹੋਣ ਕਰਕੇ ਖੋਜ ਪੱਖੋਂ ਬੜਾ ਅਹਿਮ ਹੈ। ਡਾ ਗੋਸਲ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ' ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ' ਰੱਖਿਆ ਗਿਆ ਹੈ।
ਇਸਦਾ ਮੰਤਵ ਖੇਤੀ ਨੂੰ ਵੰਨ ਸੁਵੰਨੀ ਤੇ ਵਾਤਾਵਰਨ ਪੱਖੀ ਬਣਾਉਣ ਦੀ ਪਹਿਲਕਦਮੀ ਕਰਨਾ ਹੈ। ਵਾਈਸ ਚਾਂਸਲਰ ਨੇ ਪੀ ਏ ਯੂ ਦੀਆਂ ਝੋਨੇ ਦੀਆਂ ਕਿਸਮਾਂ ਨੂੰ ਅਪਣਾ ਕੇ ਪੰਜਾਬ ਦੇ ਵਾਤਾਵਰਨ ਦੀ ਸੰਭਾਲ ਉੱਪਰ ਪਹਿਰਾ ਦੇਣ ਲਈ ਕਿਸਾਨਾਂ ਨੂੰ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਇਸ ਖੇਤਰ ਨੂੰ ਗੰਨਾ ਕਾਸ਼ਤ ਦਾ ਗੜ੍ਹ ਕਹਿੰਦਿਆਂ ਪੀ ਏ ਯੂ ਦੀਆਂ ਗੰਨੇ ਦੀਆਂ ਕਿਸਮਾਂ ਬੀਜਣ ਲਈ ਕਿਹਾ। ਕਣਕ ਦੀ ਮੌਜੂਦਾ ਫ਼ਸਲ ਦੇ ਹਾਲਾਤ ਉੱਪਰ ਤਸੱਲੀ ਪ੍ਰਗਟਾਉਣ ਦੇ ਨਾਲ ਹੀ ਵਾਈਸ ਚਾਂਸਲਰ ਨੇ ਕਈ ਥਾਵਾਂ ਤੇ ਬੱਲੀਆਂ ਵਿਚ ਹਲਕੇ ਜਾਮਨੀ ਧੱਬਿਆਂ ਤੋਂ ਚਿੰਤਤ ਨਾ ਹੋਣ ਲਈ ਕਿਹਾ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਮ੍ਹਣੇ ਆਇਆ ਹੈ। ਡਾ ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹੁਣ ਤਕ 991 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਜਾਰੀ ਕੀਤੀਆਂ ਹਨ। ਡਾ. ਅਜਮੇਰ ਸਿੰਘ ਢੱਟ ਨੇ ਪੀ.ਏ.ਯੂ. ਵੱਲੋਂ ਪਿਛਲੇ ਛੇ ਮਹੀਨਿਆਂ ਵਿਚ ਸਿਫ਼ਾਰਸ਼ ਲਈ ਵਿਕਸਿਤ ਕੀਤੀਆਂ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ, ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨ ਮੇਲਿਆਂ ਦੀ ਲੜੀ ਵਿਚ ਸੱਤ ਕਿਸਾਨ ਮੇਲੇ ਹਾੜ੍ਹੀ ਅਤੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਲਾਏ ਜਾਂਦੇ ਹਨ ਇਨ੍ਹਾਂ ਮੇਲਿਆਂ ਦਾ ਉਦੇਸ਼ ਕਣਕ ਝੋਨੇ ਦੇ ਫ਼ਸਲੀ ਚੱਕਰ ਲਈ ਢੁਕਵਾਂ ਬਦਲ ਪੇਸ਼ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਮੁਨਾਫ਼ੇਯੋਗ ਬਣਾਇਆ ਜਾ ਸਕੇ।
ਪੰਜਾਬ ਦੇ ਗੰਨਾ ਕਮਿਸ਼ਨਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੁਰਦਾਸਪੁਰ ਖੇਤਰ ਵਿਚ ਗੰਨੇ ਦੀ ਕਾਸ਼ਤ ਦੀਆਂ ਸਥਿਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ 35 ਹਜ਼ਾਰ ਏਕੜ ਦੇ ਕਰੀਬ ਰਕਬੇ ਵਿਚ ਗੰਨਾ ਬੀਜਿਆ ਜਾਂਦਾ ਹੈ। ਉਨ੍ਹਾਂ ਨੇ ਗੰਨੇ ਦੀ ਫ਼ਸਲ ਦੀ ਕੀਮਤ ਅਤੇ ਮੁੱਲ ਅਦਾਇਗੀ ਬਾਰੇ ਸਰਕਾਰ ਦੀ ਸ਼ੁਭ ਇੱਛਾ ਸਾਂਝੀ ਕੀਤੀ। ਨਾਲ ਹੀ ਉਨ੍ਹਾਂ ਨੇ ਗੰਨੇ ਹੇਠ ਰਕਬੇ ਦੇ ਵਾਧੇ ਲਈ ਸਰਕਾਰ ਵਲੋਂ ਕੀਤੇ ਜਾਣ ਵਾਲੇ ਉੱਦਮਾਂ ਨੂੰ ਦੁਹਰਾਇਆ।
ਇਨੋਵੇਟਿਵ ਫਾਰਮਰਜ਼ ਗਰੁੱਪ ਦੇ ਗੁਰਵਿੰਦਰ ਸਿੰਘ ਬਾਜਵਾ ਨੇ ਹੜ੍ਹਾਂ ਦੌਰਾਨ ਪੈਦਾ ਹੋਏ ਹਾਲਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਉਸ ਮੌਕੇ ਪੀ ਏ ਯੂ ਵਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਇਸ ਸੰਸਥਾ ਦਾ ਧੰਨਵਾਦ ਕੀਤਾ। ਡੇਰਾ ਬਾਬਾ ਨਾਨਕ ਖੇਤਰ ਵਿਚ ਪੀ ਏ ਯੂ ਦੇ ਸਹਿਯੋਗ ਨਾਲ 1600 ਏਕੜ ਰਕਬੇ ਵਿੱਚ ਕੀਤੇ ਕਾਰਜਾਂ ਨੂੰ ਉਨ੍ਹਾਂ ਨੇ ਵਿਸਥਾਰ ਨਾਲ ਪੇਸ਼ ਕੀਤਾ।
ਇਸ ਮੇਲੇ ਦੌਰਾਨ ਵੱਖ ਵੱਖ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਅਤੇ ਖੇਤੀਬਾੜੀ ਵਿਭਾਗ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਹਾੜ੍ਹੀ ਅਤੇ ਸਾਉਣੀ ਦੀਆਂ ਫ਼ਸਲਾਂ ਬਾਰੇ ਪੀ ਏ ਯੂ ਦੇ ਖੇਤੀ ਸਾਹਿਤ ਨੂੰ ਵੀ ਪ੍ਰਧਾਨਗੀ ਮੰਡਲ ਵਲੋਂ ਜਾਰੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ