
ਲੁਧਿਆਣਾ, 27 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸ਼ਾਨਦਾਰ ਚਾਰ ਸਾਲ ਪੂਰੇ ਹੋਣ ‘ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਚਾਰ ਸਾਲਾਂ ਦੌਰਾਨ ਵਿਧਾਨ ਸਭਾ ਹਲਕਾ ਆਤਮ ਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਹਨੇਰੀ ਚੱਲੀ ਹੈ। ਵਿਧਾਇਕ ਸਿੱਧੂ ਨੇ ਲੋਕ ਸੰਪਰਕ ਮੁਹਿੰਮ 'ਸੰਵਾਦ' ਅਧੀਨ ਸਥਾਨਕ ਮਾਡਲ ਟਾਊਨ, ਗੋਲ ਮਾਰਕੀਟ ਸਮੇਤ ਵੱਖ-ਵੱਖ ਥਾਵਾਂ ‘ਤੇ ਲੋਕਾਂ ਨਾਲ ਮੁਖਾਤਿਬ ਹੁੰਦਿਆਂ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ।
ਵਿਧਾਇਕ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਆਪਣੇ ਹਰ ਇੱਕ ਵਾਅਦੇ ਨੂੰ ਪੂਰਾ ਕਰਕੇ ਵਿਖਾਇਆ ਹੈ ਅਤੇ ਲੋਕਾਂ ਦੇ ਹਿੱਤ ਲਈ ਹੀ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾ ਲਿਆਂਦੇ ਹੋਏ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਜਿਸਦੇ ਤਹਿਤ ਹਰ ਵਰਗ ਦੇ ਹਰੇਕ ਨਾਗਰਿਕ ਲਈ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਆਰਥਿਕ ਮਜਬੂਤੀ ਲਈ ਜਰਨਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਐਸ.ਸੀ ਵਰਗ ਦੀਆਂ ਔਰਤਾਂ ਲਈ 1500 ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਸਿੱਖਿਆ ਦੇ ਖੇਤਰ ਵਿੱਚ ਕਰੋੜਾਂ ਰੁਪਏ ਖਰਚ ਕੇ ਵੱਡੇ ਸੁਧਾਰ ਕਰਦਿਆਂ ਸਕੂਲਾਂ ਦੀ ਨੁਹਾਰ ਬਦਲੀ ਗਈ ਹੈ ਅਤੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਵੀ ਸਾਰੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਅਤੇ ਬਿਨਾਂ ਕਿਸੇ ਸਿਫਾਰਿਸ਼ ਦੇ ਨੌਕਰੀਆਂ ਦਿੱਤੀਆਂ ਗਈਆਂ ਹਨ। ਕਾਨੂੰਨ ਵਿਵਸਥਾ ਨੂੰ ਮਜਬੂਤ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਅਤੇ ਅਜਿਹਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਰੋੜਾਂ ਰੁਪਏ ਖਰਚ ਕੇ ਸੜਕਾਂ ਦਾ ਨਵੀਨੀਕਰਨ, ਪੁਲਾਂ ਦੀ ਉਸਾਰੀ ਅਤੇ ਹੋਰ ਵੱਡੇ ਪ੍ਰੋਜੈਕਟਾਂ ਤੇ ਕੰਮ ਕਰਕੇ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਗਿਆ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਦੇਣ ਲਈ 90 ਫੀਸਦੀ ਘਰਾਂ ਨੂੰ 600 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਨੀਅਤ ਸਾਫ ਹੋਵੇ ਤਾਂ ਘੱਟ ਸਮੇਂ ਵਿੱਚ ਵੀ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ। ਆਉਣ ਵਾਲੇ ਸਮੇਂ ਵਿੱਚ ਵੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਨਵੀਂ ਉਚਾਈਆਂ ਤੱਕ ਲਿਜਾਇਆ ਜਾਵੇਗਾ। ਇਸ ਮੌਕੇ ਵਿਧਾਇਕ ਕਲਵੰਤ ਸਿੰਘ ਸਿੱਧੂ ਦੇ ਨਾਲ ਸੰਗਠਨ ਵਿੰਗ ਹਲਕਾ ਇੰਚਾਰਜ ਕਮਲਜੀਤ ਸਿੰਘ ਸਚਦੇਵਾ, ਮਨਪ੍ਰੀਤ ਸਿੰਘ (ਵਪਾਰ ਵਿੰਗ), ਸ਼ਰਨਪਾਲ ਸਿੰਘ ਮੱਕੜ, ਪ੍ਰਧਾਨ ਅਮਰਜੀਤ ਸਿੰਘ, ਪੀ.ਏ ਕਮਲਦੀਪ ਕੂਪਰ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ