
ਮਾਨਸਾ, 27 ਮਾਰਚ (ਹਿੰ.ਸ.)। ਪੰਜਾਬ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਤੋਂ ਸਾਹਮਣੇ ਆਇਆ। ਇੱਥੇ 30 ਸਾਲਾ ਨੌਜਵਾਨਾਂਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਗੁਆਂਢੀਆਂ 'ਤੇ ਨਸ਼ਾ ਤਸਕਰੀ ਦਾ ਦੋਸ਼ ਲਗਾਇਆ ਹੈ ਅਤੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕੀਤੀ।
ਪਰਿਵਾਰ ਅਤੇ ਪੰਚਾਇਤ ਨੇ ਦੋਸ਼ ਲਗਾਇਆ ਹੈ ਕਿ ਗੁਆਂਢੀ ਮੂੰਗੀ ਸਿੰਘ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਜਿਸਨੂੰ ਪਹਿਲਾਂ ਵੀ ਕਈ ਵਾਰ ਵਾਰ ਚਿਤਾਵਨੀ ਦਿੱਤੀ ਗਈ ਅਤੇ ਇਸ ਵਿਅਕਤੀ ਨੇ ਪੂਰੀ ਪੰਚਾਇਤ ਕੋਲੋਂ ਮੁਆਫੀ ਵੀ ਮੰਗੀ ਸੀ ਕਿ ਉਹ ਅੱਗੇ ਤੋਂ ਨਸ਼ਾ ਨਹੀਂ ਵੇਚੇਗਾ ਪਰ ਫਿਰ ਵੀ ਨਸ਼ਾ ਵੇਚਣ ਦਾ ਕੰਮ ਜਾਰੀ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਮ੍ਰਿਤਕ ਨੌਜਵਾਨ ਦੇ ਭਰਾ ਸੇਵਕ ਸਿੰਘ ਅਨੁਸਾਰ ਉਸਦਾ ਭਰਾ ਅੰਮ੍ਰਿਤਪਾਲ ਸਿੰਘ ਗੱਗੀ ਜੋ ਸ਼ਾਦੀਸ਼ੁਦਾ ਸੀ ਅਤੇ ਇੱਕ ਬੇਟੀ ਵੀ ਹੈ ਪਿਛਲੇ ਸਮੇਂ ਤੋਂ ਨਸ਼ਾ ਕਰਦਾ ਸੀ। ਉਨ੍ਹਾਂ ਦੇ ਘਰ ਨਾਲ ਗੁਆਂਢੀ ਹੀ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਸਦੇ ਭਰਾ ਦੀ ਮੌਤ ਹੋ ਗਈ ਹੈ। ਉਨ੍ਹਾਂ ਤੁਰੰਤ ਪੁਲਿਸ ਤੋਂ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿੰਡ ਦੇ ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਪਿੰਡ ਨੰਗਲ ਕਲਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਮੂੰਗੀ ਸਿੰਘ ਅਤੇ ਇਸਦਾ ਪਰਿਵਾਰ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ, ਜਿਸ ਸਬੰਧੀ ਪੁਲਿਸ ਨੂੰ ਪਹਿਲਾਂ ਵੀ ਕਈ ਵਾਰ ਸੂਚਨਾ ਦਿੱਤੀ ਗਈ ਅਤੇ ਇਸ ਵਿਅਕਤੀ ਵੱਲੋਂ ਪਿੰਡ ਦੇ ਇਕੱਠ ਵਿੱਚ ਆ ਕੇ ਮੁਆਫੀ ਵੀ ਮੰਗੀ ਗਈ ਸੀ ਕਿ ਉਹ ਨਸ਼ਾ ਅੱਗੇ ਤੋਂ ਨਹੀਂ ਵੇਚੇਗਾ ਪਰ ਨਸ਼ਾ ਵੇਚਣ ਦਾ ਕੰਮ ਨਹੀਂ ਛੱਡ ਰਿਹਾ ਅਤੇ ਪੁਲਿਸ ਵੱਲੋਂ ਵੀ ਇਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ