
ਬਟਾਲਾ, 28 ਮਾਰਚ (ਹਿੰ.ਸ.)। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਨਿਰੰਤਰ ਬਟਾਲਾ ਵਾਸੀਆਂ ਦੇ ਹਿੱਤ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਚੱਲਦਿਆਂ ਅੱਜ ਬਟਾਲਾ ਵਾਸੀਆਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ, ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਦੇਣ ਦੇ ਮੰਤਵ ਨਾਲ ਨਹਿਰੂ ਗੇਟ ਪੁਰਾਣੀ ਸਬਜੀ ਮੰਡੀ ਦੇ ਸਾਹਮਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ।
ਆਮ ਆਦਮੀ ਕਲੀਨਿਕ ਨੂੰ ਲੋਕ ਸਮਰਪਿਤ ਕਰਨ ਲਈ ਕਰਵਾਏ ਸਮਾਗਮ ਵਿੱਚ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤ ਕਲਸੀ, ਐੱਸ ਐਮ ਓ ਬਟਾਲਾ ਮਨਿੰਦਰਜੀਤ ਸਿੰਘ, ਬਲਬੀਰ ਸਿੰਘ ਬਿੱਟੂ, ਚੇਅਰਮੈਨ ਚਰਨਜੀਤ ਸਿੰਘ ਪਾਰੋਵਾਲ, ਸੁਭਾਸ਼ ਮਹਿਤਾ, ਅੰਕੁਸ਼ ਮਹਿਤਾ, ਗੁਰਪ੍ਰੀਤ ਸਿੰਘ ਰਾਜੂ, ਵਿੱਕੀ ਚੌਹਾਨ, ਹਨੀ ਚੌਹਾਨ, ਵਰੁਣ ਸ਼ਰਮਾ, ਅਮਿਤ ਸੋਢੀ ਅਤੇ ਮੁਹੱਲਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਗੱਲ ਕਰਦਿਆਂ ਅੰਮ੍ਰਿਤ ਕਲਸੀ ਨੇ ਦੱਸਿਆ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਵਾਲਾ 'ਆਮ ਆਦਮੀ ਕਲੀਨਿਕ' ਮਾਡਲ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਵਿੱਚ ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਰੋਜਾਨਾਂ ਸੈਂਕੜਿਆਂ ਦੀ ਤਦਾਦ ਵਿੱਚ ਲੋਕ ਆਪਣਾ ਇਲਾਜ ਕਰਵਾ ਰਹੇ ਹਨ। ਉਨਾਂ ਕਿਹਾ ਕਿ ਆਮ ਆਦਮੀ ਕਲੀਨਿਕ ਆਪਣੀ ਕਾਰੁਜਗਾਰੀ ਤੇ ਖਰ੍ਹੇ ਉਤਰ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ’ਤੇ ਡਾਕਟਰੀ ਸਲਾਹ ਦੇ ਨਾਲ-ਨਾਲ ਟੈਸਟ ਤੇ ਦਵਾਈਆਂ ਆਦਿ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ਅੰਦਰ ਸਿਹਤ, ਸਿੱਖਿਆ, ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਇਤਿਹਾਸਕ ਫੈਸਲੇ ਲਏ ਹਨ। ਸੂਬੇ ਦੇ 90 ਫੀਸਦ ਲੋਕਾਂ ਦੇ ਬਿੱਲ ਜੀਰੋ ਆ ਰਹੇ ਹਨ। ਕਰੀਬ 65,000 ਹਜ਼ਾਰ ਤੋ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਪ੍ਰਦਾਨ ਕੀਤੀਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ