
ਬਠਿੰਡਾ, 29 ਮਾਰਚ (ਹਿੰ.ਸ.)। ਪੰਜਾਬ ਸਰਕਾਰ ਦੇ ਮਿਸ਼ਨ ਪ੍ਰਗਤੀ ਹੇਠ ਮੁਕਾਬਲਾ ਪ੍ਰੀਖਿਆਵਾਂ ਲਈ ਮੁਫ਼ਤ ਅਤੇ ਕੇਂਦ੍ਰਿਤ ਕੋਚਿੰਗ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਪਹਿਲਕਦਮੀ ਦੇ ਹਿੱਸੇ ਵਜੋਂ 40 ਵਿਦਿਆਰਥੀਆਂ ਦੇ ਪਹਿਲੇ ਬੈਚ ਵਿੱਚੋਂ 6 ਨੂੰ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਮੁਫ਼ਤ ਕੋਚਿੰਗ ਲੈਣ ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲੀਆਂ ਹਨ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਹ ਗੱਲ ਦਾ ਪ੍ਰਗਟਾਵਾ ਮਿਸ਼ਨ ਪ੍ਰਗਤੀ ਤਹਿਤ ਪਹਿਲੇ ਬੈਚ ਦੇ ਸਨਮਾਨ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਡੀ.ਆਈ.ਜੀ ਹਰਜੀਤ ਸਿੰਘ, ਜੋ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਾਉਂਦੇ ਰਹੇ ਹਨ, ਅਤੇ ਐਸ.ਐਸ.ਪੀ ਡਾ. ਜੋਤੀ ਯਾਦਵ ਬੈਂਸ ਵੀ ਮੌਜੂਦ ਸਨ।
ਧੀਮਾਨ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਲਈ ਚੁਣੇ ਗਏ ਛੇ ਨੌਜਵਾਨ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਤਿੰਨ ਮਹੀਨਿਆਂ ਲਈ ਮੁਫ਼ਤ ਉੱਚ ਗੁਣਵੱਤਾ ਵਾਲੀ ਕੋਚਿੰਗ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਜਨਵਰੀ ਨੂੰ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਪੇਂਡੂ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ, ਖਾਸ ਕਰਕੇ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਹੁਤ ਦੂਰ-ਦੁਰਾਡੇ ਥਾਵਾਂ 'ਤੇ ਯਾਤਰਾ ਕਰਨ ਦਾ ਖਰਚਾ ਨਹੀਂ ਚੁੱਕ ਸਕਦੇ ਸਨ।
ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਜੀ.ਕੇ., ਇਤਿਹਾਸ, ਭੂ-ਰਾਜਨੀਤੀ, ਅਰਥ ਸ਼ਾਸਤਰ, ਗਣਿਤ, ਭੂਗੋਲ, ਅੰਗਰੇਜ਼ੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹੋਰ ਵਿਸ਼ੇ ਪੜ੍ਹਾਏ ਜਾਂਦੇ ਹਨ। ਪੂਰਾ ਸਿਲੇਬਸ ਸਰਕਾਰੀ ਪ੍ਰੀਖਿਆਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੂਜਾ ਬੈਚ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਥਾਨਕ ਸ਼ਹੀਦ ਭਗਤ ਸਿੰਘ ਸਪੋਰਟ ਸਟੇਡੀਅਮ ਵਿਖੇ ਮੁਫ਼ਤ ਸਰੀਰਕ ਸਿਖਲਾਈ ਬੈਚ ਵੀ ਚਲਾਇਆ ਜਾ ਰਿਹਾ ਹੈ। ਪੁਲਿਸ ਅਤੇ ਹਥਿਆਰਬੰਦ ਬਲਾਂ ਵਿੱਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸਰੀਰਕ ਜਾਂਚ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾ ਰਹੀ ਹੈ।
ਡੀ.ਆਈ.ਜੀ ਬਠਿੰਡਾ ਹਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਲਾਇਬ੍ਰੇਰੀ ਬੱਸ ਸਟੈਂਡ ਦੇ ਨੇੜੇ ਸਥਿਤ ਹੈ ਜਿਸ ਨਾਲ ਨੌਜਵਾਨ ਆਪਣੇ ਘਰਾਂ ਤੋਂ ਬਠਿੰਡਾ ਆਸਾਨੀ ਨਾਲ ਆ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਨੁਸ਼ਾਸਿਤ ਰਹਿਣ ਅਤੇ ਉੱਚੇ ਟੀਚੇ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀ ਇਹ ਪਹਿਲ ਖਾਸ ਤੌਰ 'ਤੇ ਆਰਥਕ ਤੌਰ 'ਤੇ ਪਿਛੋਕੜ ਵਾਲੇ ਨੌਜਵਾਨਾਂ ਲਈ ਇੱਕ ਵਰਦਾਨ ਹੈ।
ਡਾ. ਜੋਤੀ ਯਾਦਵ ਬੈਂਸ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਤਾਂ ਜੋ ਉਹ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰ ਸਕਣ। ਉਨ੍ਹਾਂ ਅੱਗੇ ਕਿਹਾ ਕਿ ਮਿਸ਼ਨ ਪ੍ਰਗਤੀ ਦੇ ਤਹਿਤ ਨੌਜਵਾਨਾਂ ਨੂੰ ਨਾ ਸਿਰਫ਼ ਮੁਫ਼ਤ ਕੋਚਿੰਗ ਮਿਲ ਰਹੀ ਹੈ, ਸਗੋਂ ਉਹ ਉੱਚ ਗੁਣਵੱਤਾ ਵਾਲੀਆਂ ਮੁਫ਼ਤ ਕਿਤਾਬਾਂ ਵੀ ਮੁਹਈਆ ਕਾਰਵਾਈਆ ਜਾ ਰਹੀਆਂ ਹਨ।
ਡੀ.ਆਈ.ਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐਸ.ਐਸ.ਪੀ. ਡਾ. ਜੋਤੀ ਯਾਦਵ ਨੇ ਚੁਣੇ ਗਏ ਵਿਦਿਆਰਥੀਆਂ ਦਾ ਸਨਮਾਨ ਕੀਤਾ। ਉਨ੍ਹਾਂ ਲਾਇਬ੍ਰੇਰੀ ਫੈਕਲਟੀ ਦਾ ਵੀ ਸਨਮਾਨ ਕੀਤਾ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਇਸ ਮੌਕੇ ਸਵਰਨਜੀਤ ਕੌਰ (ਲਾਇਬ੍ਰੇਰੀਅਨ) , ਸੁਮਿਤ ਬਾਂਸਲ, ਮੰਨੂ ਗੁਪਤਾ, ਸਤਨਾਮ ਸਿੰਘ ਰਿਟਾਇਰਡ ਲੈਕਚਰਾਰ, ਰਾਜਿੰਦਰ ਸ਼ਰਮਾ, ਕਾਮੀਆ ਹਾਜ਼ਰ ਸਨ ।
ਇਨ੍ਹਾਂ ਨੌਜਵਾਨਾਂ ਨੂੰ ਮਿਲੀ ਸਰਕਾਰੀ ਨੌਕਰੀ :
ਸਰਕਾਰੀ ਨੌਕਰੀਆਂ ਲਈ ਚੁਣੇ ਗਏ ਨੌਜਵਾਨਾਂ ਵਿੱਚ ਪਿੰਡ ਭਗਵਾਨਗੜ੍ਹ ਬਠਿੰਡਾ ਦੇ ਰਾਜਪ੍ਰੀਤ ਸਿੰਘ ਨੇ ਤਿੰਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਅਤੇ ਚਾਰ ਅਸਾਮੀਆਂ ਲਈ ਚੁਣਿਆ ਗਿਆ ਹੈ। ਉਸਨੂੰ ਤਕਨੀਕੀ ਸਿੱਖਿਆ ਵਿਭਾਗ ਰੈਂਕ-5, ਕਾਰਜਕਾਰੀ ਸਹਾਇਤਾ ਕਿਰਤ ਵਿਭਾਗ ਰੈਂਕ-3 ਅਤੇ ਸੀਨੀਅਰ ਸਹਾਇਕ-ਕਮ-ਇੰਸਪੈਕਟਰ ਨਗਰ ਪੰਚਾਇਤ ਰੈਂਕ-19 ਅਤੇ ਸੀਨੀਅਰ ਸਹਾਇਕ ਡੀ.ਸੀ. ਦਫਤਰ ਰੈਂਕ-29 ਵਜੋਂ ਚੁਣਿਆ ਗਿਆ ਹੈ।
ਇਸੇ ਤਰ੍ਹਾਂ, ਪਿੰਡ ਮੱਲਵਾਲਾ ਦੇ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚ, ਪਿੰਡ ਰਾਮੇਆਣਾ ਜੈਤੋ ਦੇ ਅਮਨਦੀਪ ਸਿੰਘ ਨੂੰ ਪੰਜਾਬ ਵਿੱਚ, ਪਿੰਡ ਥਾਂਦੀ ਕਦੀਮ ਤੋਂ ਜਲਾਲਾਬਾਦ ਦੇ ਰਮਨਦੀਪ ਸਿੰਘ ਨੂੰ ਨੇਵੀ ਵਿੱਚ ਚੁਣਿਆ ਗਿਆ ਹੈ। ਇਸੇ ਤਰ੍ਹਾਂ, ਪਿੰਡ ਸਿਵੀਆਂ ਦੀ ਜਸਲੀਨ ਕੌਰ ਨੇ ਆਈਆਈਟੀ ਜੈਮ ਕੈਮਿਸਟਰੀ 2026 ਦੀ ਪ੍ਰੀਖਿਆ ਪਾਸ ਕੀਤੀ ਹੈ। ਅਨੂਪ ਨਗਰ ਬਠਿੰਡਾ ਦੇ ਪ੍ਰਭਜੋਤ ਸਿੰਘ ਨੂੰ ਕਲਰਕ ਵਜੋਂ ਚੁਣਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ