ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਰਫੇਸ ਸੀਡਰ ਵਿਧੀ ਨਾਲ ਬੀਜੀ ਕਣਕ ਸਬੰਧੀ ਖੇਤ ਦਿਵਸ ਮਨਾਇਆ
ਹੁਸ਼ਿਆਰਪੁਰ, 28 ਮਾਰਚ (ਹਿੰ.ਸ.)। ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਸਰਫੇਸ ਸੀਡਰ ਵਿਧੀ ਨਾਲ ਬੀਜੀ ਕਣਕ ਸਬੰਧੀ ਖੇਤ ਦਿਵਸ ਮਾਹਿਲਪੁਰ ਬਲਾਕ ਦੇ ਪਿੰਡ ਰਸੂਲਪੁਰ ਵਿਖੇ ਮਨਾਇਆ ਗਿਆ। ਇਸ ਵਿਧੀ ਨਾਲ ਅਮਰਜੀਤ ਸਿੰਘ ਨੇ ਪਹਿਲੀ ਵਾਰ 5 ਖੇਤਾਂ ‘ਤੇ ਸਫਲਤਾ ਪੂਰਵਕ ਬਿਜਾਈ ਕੀਤੀ ਹੈ। ਕੈਂਪ ਦੀ ਸ਼
ਕਿਸਾਨਾਂ ਨੂੰ ਜਾਣਕਾਰੀ ਦਿੰਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕਰਮਚਾਰੀ


ਹੁਸ਼ਿਆਰਪੁਰ, 28 ਮਾਰਚ (ਹਿੰ.ਸ.)। ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਸਰਫੇਸ ਸੀਡਰ ਵਿਧੀ ਨਾਲ ਬੀਜੀ ਕਣਕ ਸਬੰਧੀ ਖੇਤ ਦਿਵਸ ਮਾਹਿਲਪੁਰ ਬਲਾਕ ਦੇ ਪਿੰਡ ਰਸੂਲਪੁਰ ਵਿਖੇ ਮਨਾਇਆ ਗਿਆ। ਇਸ ਵਿਧੀ ਨਾਲ ਅਮਰਜੀਤ ਸਿੰਘ ਨੇ ਪਹਿਲੀ ਵਾਰ 5 ਖੇਤਾਂ ‘ਤੇ ਸਫਲਤਾ ਪੂਰਵਕ ਬਿਜਾਈ ਕੀਤੀ ਹੈ।

ਕੈਂਪ ਦੀ ਸ਼ੁਰੂਆਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪਰਮਿੰਦਰ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਅਤੇ ਉਪਲਬੱਧ ਮਸ਼ੀਨਰੀ ਤੇ ਤਕਨੀਕਾਂ ਰਾਹੀਂ ਇਸਦਾ ਯੋਗ ਪ੍ਰਬੰਧ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਉਨ੍ਹਾਂ ਡੇਅਰੀ ਪਸ਼ੂਆਂ ਵਿੱਚ ਟੀਕਾਕਰਣ ਸਬੰਧੀ ਮਹੱਤਤਾ ਬਾਬਤ ਵੀ ਦੱਸਿਆ।

ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਅਜੈਬ ਸਿੰਘ ਨੇ ਪਰਾਲੀ ਪ੍ਰਬੰਧਨ ਬਾਬਤ ਉਪਲਬੱਧ ਮਸ਼ੀਨਰੀ ਦੀ ਵਰਤੋਂ ਅਤੇ ਕਾਰਗੁਜਾਰੀ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਪਰਾਲੀ ਦੀ ਪਸ਼ੂ ਖੁਰਾਕ, ਮਲਚ, ਖੁੰਬ ਉਤਪਾਦਨ, ਊਰਜਾ, ਖਾਦ ਤੇ ਗੱਤਾ ਉਦਯੋਗ ਵਿੱਚ ਵਰਤੋਂ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਨੇ ਮਿੱਟੀ ਪਰਖ ਦੀ ਮਹੱਤਤਾ ਤੇ ਮਿੱਟੀ ਪਰਖ ਲਈ ਨਮੂਨੇ ਲੈਣ ਦੀ ਵਿਧੀ ਬਾਰੇ ਦੱਸਿਆ।

ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਪ੍ਰਬੰਧਨ ਕਰਨ ਉਪਰੰਤ ਕਣਕ ਦੀ ਬਿਜਾਈ ਦੀ ਪ੍ਰਦਰਸ਼ਨੀ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ ਜਿੱਥੇ ਕੇ.ਵੀ.ਕੇ. ਦੇ ਵਿਗਿਆਨੀਆਂ ਨੇ ਕਿਸਾਨਾਂ ਨਾਲ ਉਨ੍ਹਾਂ ਦੇ ਖਦਸ਼ਿਆਂ ਬਾਰੇ ਵਿਚਾਰ-ਚਰਚਾ ਕੀਤੀ। ਖੇਤ ਦਿਵਸ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਗਰਮੀ ਦੀਆਂ ਸਬਜੀਆਂ ਦੀਆਂ ਕਿੱਟਾਂ, ਦਾਲਾਂ ਦੀਆਂ ਕਿੱਟਾਂ, ਮਿਲਟ ਕਿੱਟਾਂ ਤੇ ਹਲਦੀ ਦਾ ਬੀਜ ਵੀ ਵਿੱਕਰੀ ਲਈ ਉਪਲਬਧ ਕਰਵਾਇਆ ਗਿਆ ਅਤੇ ਖੇਤੀ ਸਾਹਿਤ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਪਿੰਡ ਰਸੂਲਪੁਰ ਦੇ ਅਗਾਂਹਵਧੂ ਕਿਸਾਨ ਸਾਬਕਾ ਸਰਪੰਚ ਅਮਰਜੀਤ ਸਿੰਘ, ਮਹਿੰਦਰ ਸਿੰਘ ਗਿੱਲ, ਸੋਹਣ ਸਿੰਘ, ਨੰਬਰਦਾਰ ਮਨਜੀਤ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande