ਭਾਸ਼ਾ ਵਿਭਾਗ ਪੰਜਾਬ ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸ਼ਾਮ-ਏ-ਸੁਖ਼ਨ ਦਾ ਆਯੋਜਨ
ਸਤਿੰਦਰ ਸਰਤਾਜ ਪਹਿਲੀ ਵਾਰ ਕਵੀ ਦੇ ਤੌਰ ’ਤੇ ਹੋਏ ਸਰੋਤਿਆਂ ਦੇ ਰੂਬਰੂ
ਸਤਿੰਦਰ ਸਰਤਾਜ ਪਹਿਲੀ ਵਾਰ ਕਵੀ ਦੇ ਤੌਰ ’ਤੇ ਹੋਏ ਸਰੋਤਿਆਂ ਦੇ ਰੂਬਰੂ


ਅੰਮ੍ਰਿਤਸਰ, 28 ਮਾਰਚ (ਹਿੰ.ਸ.)। ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਇੱਥੇ ਖ਼ਾਲਸਾ ਕਾਲਜ ਵਿਖੇ ‘ਸ਼ਾਮ-ਏ-ਸੁਖ਼ਨ’ ਸਿਰਲੇਖ ਅਧੀਨ ਤ੍ਰੈ-ਭਾਸ਼ੀ ਕਵੀ ਦਰਬਾਰ (ਪੰਜਾਬੀ, ਹਿੰਦੀ ਤੇ ਉਰਦੂ) ਦਾ ਆਯੋਜਨ ਕੀਤਾ ਗਿਆ। ਜਿਸ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਨੇ ਕੀਤੀ। ਸਮਾਗਮ ਦੌਰਾਨ ਨਾਮਵਰ ਉਰਦੂ ਸ਼ਾਇਰ ਵਸੀਮ ਬਰੇਲਵੀ ਮੁੱਖ ਮਹਿਮਾਨ ਵਜੋਂ ਤੇ ਗਾਇਕ ਡਾ. ਸਤਿੰਦਰ ਸਰਤਾਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੇਜ਼ਬਾਨ ਕਾਲਜ ਦੇ ਪ੍ਰਿੰ. ਡਾ. ਆਤਮ ਸਿੰਘ ਰੰਧਾਵਾ ਵੱਲੋਂ ਆਏ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਸਵਾਗਤ ਕੀਤਾ ਗਿਆ। ਖ਼ਾਲਸਾ ਕਾਲਜ ਅੰਮ੍ਰਿਤਸਰ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਤੇ ਜਸਵੰਤ ਸਿੰਘ ਜ਼ਫ਼ਰ ਨੇ ਮਹਿਮਾਨਾਂ ਤੇ ਕਵੀਆਂ ਦਾ ਸਨਮਾਨ ਕੀਤਾ।

ਕਵੀ ਦਰਬਾਰ ਦੀ ਸ਼ੁਰੂਆਤ ਉੱਘੇ ਵਿਦਵਾਨ ਤੇ ਕਵੀ ਡਾ. ਅਮਰਜੀਤ ਸਿੰਘ ਗਰੇਵਾਲ ਨੇ ਵਿਸ਼ਵ ਦੇ ਅਜੋਕੇ ਹਾਲਾਤਾਂ ’ਤੇ ਵਿਅੰਗ ਕਰਦੀ ਕਵਿਤਾ ‘ਮਿਜ਼ਾਇਲਾਂ ਨੇ ਜਦੋਂ ਬੋਲਣਾ ਸ਼ੁਰੂ ਕੀਤਾ…’ ਨਾਲ ਕੀਤੀ। ਫਿਰ ਤ੍ਰੈਲੋਚਨ ਲੋਚੀ ਲੁਧਿਆਣਾ ਨੇ ‘ਸਾਡੀ ਤਾਂ ਅਰਦਾਸ ਇੱਕੋ ਹੈ..’ ਸ਼ੇਅਰ ਨਾਲ ਸ਼ੁਰੂਆਤ ਕਰਕੇ ਆਪਣੀ ਚਰਚਿਤ ਗਜ਼ਲ ‘ਘਰਾਂ ਵਿੱਚ ਰੋਸ਼ਨੀ ਹੁੰਦੇ ਹੋਏ ਵੀ..’ ਰਾਹੀਂ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ ’ਤੇ ਗਹਿਰੀ ਚੋਟ ਕੀਤੀ। ਮੁਕੇਸ਼ ਆਲਮ ਲੁਧਿਆਣਾ ਨੇ ‘ਵੱਡੀਆਂ ਮੱਲਾਂ ਮਾਰਨ ਵਾਲੇ ਬੰਦਿਆਂ ਸੁਣ..’ ਤੇ ਉਰਦੂ ਨਜ਼ਮ ‘ਦੁਨੀਆ ਕਾ ਦਿਲ ਰਖਤੇ-ਰਖਤੇ..’ ਰਾਹੀਂ ਖ਼ੂਬ ਦਾਦ ਹਾਸਿਲ ਕੀਤੀ।

ਡਾ. ਅਜੀਤਪਾਲ ਜਟਾਣਾ (ਮੋਗਾ) ਨੇ ਸਜਿਹਮਈ ਅੰਦਾਜ਼ ’ਚ ਪੇਸ਼ ਕੀਤੀ ਗਜ਼ਲ ‘ਕਿਸ਼ਤੀ ਖੁਰਦਾ ਕਿਨਾਰਾ ਦੇਖ ਕੇ..’ ਰਾਹੀਂ ਦਿਲ ਦੇ ਅਰਮਾਨਾਂ ਦੀ ਗੱਲ ਕੀਤੀ। ਦਿੱਲੀ ਤੋਂ ਪੁੱਜੇ ਪ੍ਰੋ. ਜਤਿੰਦਰ ਸ੍ਰੀਵਾਸਤਵ ਨੇ ਆਪਣੀ ਪ੍ਰਸਿੱਧ ਕਵਿਤਾ ‘ਸੋਨਚਿਰੀ’ ਰਾਹੀਂ ਔਰਤ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਦੀ ਗੱਲ ਕਰਦਿਆਂ ਔਰਤ ਪ੍ਰਤੀ ਸਤਿਕਾਰ ਦਾ ਖ਼ੂਬਸੂਰਤ ਪ੍ਰਗਟਾਵਾ ਕੀਤਾ। ਸਵਾਮੀ ਅੰਤਰ ਨੀਰਵ (ਜੰਮੂ) ਨੇ ‘ਬੰਬ ਫਟਣ ’ਤੇ ਕੁਝ ਹੋਰ ਨਹੀਂ ਹੁੰਦਾ..’ ਅਤੇ ‘ਫੁੱਲ ਤੇ ਰੋਟੀ’ ਕਵਿਤਾ ਰਾਹੀਂ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ।

ਸਵਰਨਜੀਤ ਸਵੀ ਨੇ ਆਪਣੀਆਂ ਕਵਿਤਾਵਾਂ ‘ਨਾਚ ਤੇ ਨਾਚੀ’ ਅਤੇ ‘ਜੰਗ ਤੇ ਜੀਭ’ ਰਾਹੀਂ ਬਹੁਤ ਸਾਰੇ ਸਮਾਜਿਕ ਤੇ ਅੰਤਰਰਾਸ਼ਟਰੀ ਸਰੋਕਾਰਾਂ ਨੂੰ ਛੂਹਿਆ। ਪ੍ਰੋ. ਰਾਜੇਸ਼ ਮੋਹਨ ਫ਼ਰੀਦਕੋਟ ਨੇ ‘ਦੋ ਲੋਕਾਂ ਦਾ ਇੱਕੋ ਸੁਪਨਾ ਸਵੀਕਾਰ ਨਹੀਂ ਹੁੰਦਾ..’ ਅਤੇ ਉਰਦੂ ਨਜ਼ਮ ‘ਜੋ ਖ਼ਤ ਆਣੇ ਥੇ ਸਰਹੱਦ ਪਾਰ ਸੇ..’ ਰਾਹੀਂ ਨੌਜਵਾਨਾਂ ਦੇ ਵਲਵਲਿਆਂ ਦੀ ਬੇਹਤਰੀਨ ਬਾਤ ਪਾਈ। ਕਵੀ ਦਰਬਾਰ ’ਚ ਸ਼ਾਮਲ ਇੱਕੋ-ਇੱਕ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਆਪਣੀਆਂ ਤਿੰਨ ਚਰਚਿਤ ਗਜ਼ਲਾਂ ‘ਕਲੇਜੇ ਤੀਰ ਦੇਖਣ ਨੂੰ ਬੜੀ ਬੇਤਾਬ ਹੈ ਦੁਨੀਆ..’, ‘ਅੱਗ ਦੀ ਝਾਂਜਰ’ ਤੇ ‘ਕਵਿਤਾ ਜਰਾ ਮੈਂ ਮੁਸ਼ਕਲ ਹਾਂ ਫਿਰ ਤੋਂ ਵਿਚਾਰ ਮੈਨੂੰ..’ ਰਾਹੀਂ ਸਮਾਗਮ ਨੂੰ ਸਿਖ਼ਰ ਵੱਲ ਵਧਾ ਦਿੱਤਾ।

ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਕਵਿਤਾ ‘ਖ਼ੂਨ ਪਸੀਨਾ ਸਿਆਹੀ’ ਨਜ਼ਮ ਰਾਹੀਂ ਮਿਹਨਤਕਸ਼ ਲੋਕਾਂ ਤੇ ਔਰਤ ਦੀ ਪੀੜਾਂ ਬਾਰੇ ਭਾਵਪੂਰਤ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੂਸਰੀ ਸ਼ਾਨਦਾਰ ਕਵਿਤਾ ‘ਭਾਈ ਕਨਈਆ ਜੀ’ ਰਾਹੀਂ ਕੁਰਬਾਨੀ, ਸ਼ਰਧਾ ਤੇ ਸਤਿਕਾਰ ਦੇ ਅਰਥ ਸਮਝਾਏ। ਉਰਦੂ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਜਲੰਧਰ ਨੇ ‘ਰੇਸ਼ਮ ਬੁਣਨੇ ਵਾਲੇ ਕੀੜੇ ਰੇਸ਼ਮ ਮੇ ਮਰ ਜਾਤੇ ਹੈ..’ ਰਾਹੀਂ ਸ਼ੁਰਆਤ ਕਰਕੇ ‘ਜਬ ਤੱਕ ਮਾਂ ਜਿੰਦਾ ਥੀ ਮੈਂ ਬੱਚਾ ਥਾਂ..’ ਨਾਲ ਸਭ ਨੂੰ ਭਾਵੁਕ ਕਰ ਦਿੱਤਾ। ਡਾ. ਮਾਧਵ ਕੌਸ਼ਿਕ ਨੇ ਆਪਣੀਆਂ ਹਿੰਦੀ ਕਵਿਤਾਵਾਂ ‘ਸੂਰਜ’ ਤੇ ‘ਹਵਾ ਨੇ ਛੀਨ ਲਿਆ..’ ਰਾਹੀਂ ਮਾਹੌਲ ਨੂੰ ਗੰਭੀਰਤਾ ਪ੍ਰਦਾਨ ਕੀਤੀ। ਜਨਾਬ ਵਸੀਮ ਬਰੇਲਵੀ ਨੇ ਆਪਣੇ ਸ਼ੇਅਰਾਂ ‘ਅਗਰ ਤੇਰੀ ਨਜ਼ਰ ਮੇਂ ਹੂੰ ਤੋਂ ਮੈਂ ਸਭ ਕੀ ਨਜ਼ਰ ਮੇਂ ਹੂੰ..’, ‘ਖ਼ੌਫ਼ ਏ ਖ਼ੁਦਾ’, ‘ਹਮ ਦੀਵਾਨੇ ਹੈ ਦੀਵਾਨੇ’ ਆਦਿ ਨਾਲ ਸਰੋਤਿਆਂ ਨੂੰ ਵਾਰ-ਵਾਰ ਦਾਦ ਦੇਣ ਲਈ ਮਜ਼ਬੂਰ ਕਰ ਦਿੱਤਾ।

ਅਖ਼ੀਰ ਵਿੱਚ ਸਤਿੰਦਰ ਸਰਤਾਜ ਨੇ ਪੰਜਾਬੀ ਕਵਿਤਾਵਾਂ ਰਾਹੀਂ ਮਨੁੱਖ ਦੀਆਂ ਰੀਝਾਂ, ਸੁਪਨਿਆਂ ਤੇ ਮੁਹੱਬਤ ਦੀ ਗੱਲ ਕੀਤੀ। ਫਿਰ ਉਰਦੂ ਨਜ਼ਮ ‘ਬਿਜਲੀ ਸੀ ਇੱਕ ਹਰਕਤ ਆਸਮਾਨ ਮੇਂ ਹੋਤੀ ਹੈ..’ ਅਤੇ ਆਪਣੇ ਚਰਚਿਤ ਗੀਤ ‘ਸਾਨੂੰ ਸਾਰੀਆਂ ਵਿਸਰ ਗਈਆਂ ਰਾਹਾਂ..’ ਰਾਹੀਂ ਸਮਾਗਮ ਨੂੰ ਸਫ਼ਲਤਾ ਦੇ ਦੁਆਰ ’ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਕਵੀ ਸਵਾਮੀ ਅੰਤਰ ਨੀਰਵ ਨੇ ਬਾਖ਼ੂਬੀ ਕੀਤਾ।

ਇਸ ਮੌਕੇ ਪੰਜਾਬ ਕਲਾ ਅਕਾਦਮੀ ਦੇ ਚੇਅਰਮੈਨ ਸਵਰਨਜੀਤ ਸਵੀ ਦੀ ਕਾਵਿ ਪੁਸਤਕ ‘ਨਾਚੀ’ ਲੋਕ ਅਰਪਣ ਕੀਤੀ ਗਈ ਅਤੇ ਇਸ ਪੁਸਤਕ ਦੀ ਡਾ. ਅਕਾਲ ਅੰਮ੍ਰਿਤ ਕੌਰ ਨੇ ਜਾਣ-ਪਹਿਚਾਣ ਕਰਵਾਈ। ਇਸ ਮੌਕੇ ਉੱਘੇ ਅਰਥ ਸ਼ਾਸ਼ਤਰੀ ਡਾ. ਰਣਜੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਮਨਜਿੰਦਰ ਸਿੰਘ, ਪ੍ਰੀਤਮ ਰੁਪਾਲ, ਡਾ. ਕਮਲਦੀਪ ਕੌਰ, ਡਾ. ਬਲਵੀਰ ਕੌਰ ਪੰਧੇਰ, ਡਾ. ਅਮਰਜੀਤ ਸਿੰਘ ਪਟਿਆਲਾ, ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਇੰਦਰਜੀਤ ਸਿੰਘ, ਖੋਜ ਸਹਾਇਕ ਹਰਪ੍ਰੀਤ ਸਿੰਘ ਤੇ ਅੰਕੁਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande