
ਗੁਰਦਾਸਪੁਰ, 29 ਮਾਰਚ (ਹਿੰ.ਸ.)। ਦੁਬਈ ਵਿਚ ਇਕ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾ ਕੁਲਵੰਤ ਸਿੰਘ ਵਾਸੀ ਪਿੰਡ ਮੌਚਪੁਰ, ਗੁਰਦਾਸਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਪਿੰਡ ਮੌਚਪੁਰ ਦੇ 25 ਸਾਲਾ ਨੌਜਵਾਨ ਕੁਲਵੰਤ ਸਿੰਘ ਦੀ ਦੁਬਈ ਵਿੱਚ ਹੋਈ ਸ਼ੱਕੀ ਮੌਤ ਹੋ ਗਈ।ਇਸ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਪਿਤਾ ਅਜੀਤ ਸਿੰਘ ਅਤੇ ਭਰਾ ਬਸੰਤ ਸਿੰਘ ਨੇ ਅਨੁਸਾਰ ਕੁਲਵੰਤ ਸਿੰਘ ਰੋਜ਼ੀ-ਰੋਟੀ ਦੀ ਖਾਤਰ ਖਾੜੀ ਦੇਸ਼ਾਂ ਵਿੱਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਉਹ ਪਿੰਡ ਆਇਆ ਸੀ ਅਤੇ ਵਿਆਹ ਕਰਵਾਉਣ ਤੋਂ ਬਾਅਦ ਵਾਪਸ ਦੁਬਈ ਚਲਿਆ ਗਿਆ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਲਵੰਤ ਆਪਣੇ ਕਮਰੇ ਤੋਂ ਬਾਹਰ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਖ਼ੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ।
ਵਿਦੇਸ਼ ’ਚ ਨੌਜਵਾਨ ਦੀ ਮੌਤ ’ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਨਾਲ ਦੁਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਮ੍ਰਿਤਕ ਦਾ ਲਾਸ਼ ਭਾਰਤ ਲਿਆਉਣ ਲਈ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ। ਬਾਜਵਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਪਿੰਡ ਮੌਜਪੁਰ, ਜ਼ਿਲ੍ਹਾ ਗੁਰਦਾਸਪੁਰ ਤੋਂ ਰੋਜ਼ੀ-ਰੋਟੀ ਕਮਾਉਣ ਲਈ ਯੂਏਈ ਗਏ ਨੌਜਵਾਨ ਕੁਲਵੰਤ ਸਿੰਘ ਦੀ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਆਪਣੇ ਬੇਟੇ ਦੀ ਮ੍ਰਿਤਕ ਦੇਹ ਮੰਗਵਾਉਣ ਤੋਂ ਅਸਮਰਥ ਹੈ। ਇਸ ਲਈ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਲਈ ਬੇਨਤੀ ਕੀਤੀ। ਕੁਲਵੰਤ ਸਿੰਘ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਸਨ, ਪਰਿਵਾਰ ਤੇ ਏਨਾ ਵੱਡਾ ਹਾਦਸਾ ਵਾਪਰ ਜਾਣਾ ਬਹੁਤ ਹੀ ਦੁੱਖਦਾਈ ਹੈ। ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਦੁੱਖ ਸਹਿਣ ਦਾ ਬੱਲ ਬਖਸ਼ਣ।‘‘
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ