ਭਾਸ਼ਾ ਵਿਭਾਗ ਨੇ ‘ਗੁਰਮੁਖੀ ਲਿਪੀ: ਚਿੰਤਨ ਤੇ ਪੁਨਰ-ਚਿੰਤਨ’ ਵਿਸ਼ੇ ’ਤੇ ਦੋ ਰੋਜ਼ਾ ਸਮਾਗਮ ਕਰਵਾਇਆ
ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਸਮਾਗਮ ਹਰ ਸਾਲ ਕਰਵਾਇਆ ਜਾਵੇਗਾ - ਜਸਵੰਤ ਜ਼ਫ਼ਰ
ਸਮਾਗਮ ਨੂੰ ਸੰਬੋਧਨ ਕਰਦੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ।


ਸਮਾਗਮ ਦੌਰਾਨ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕਰਦੇ ਪ੍ਰਬੰਧਕ।


ਖਡੂਰ ਸਾਹਿਬ, 29 ਮਾਰਚ (ਹਿੰ.ਸ.)। ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਤਰਨ ਤਾਰਨ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਮੈਨੇਜਮੈਂਟ ਕਮੇਟੀ, ਖਡੂਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਜਗਤਾਰ ਸਿੰਘ ਸੋਖੀ ਅਤੇ ਅਰਸ਼ਦੀਪ ਸਿੰਘ ਸੋਖੀ ਦੀ ਅਗਵਾਈ ਹੇਠ ਪੰਜਾਬੀ ਅੱਖਰਕਾਰੀ ਕਾਰਜਸ਼ਾਲਾ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅੱਖਰਾਂ ਦੀ ਬਣਤਰ ਅਤੇ ਬਣਾਵਟ ਬਾਰੇ ਵਿਦਿਆਰਥੀਆਂ ਨੂੰ ਬਰੀਕੀ ਨਾਲ ਨੁਕਤੇ ਦੱਸੇ ਗਏ।

ਸਮਾਗਮ ਦੇ ਦੂਜੇ ਦਿਨ ਗੁਰਮੁਖੀ ਲਿਪੀ ਦੇ ਸਰੋਤ, ਵਿਕਾਸ ਅਤੇ ਸਮਕਾਲੀ ਚਿੰਤਨ ਦੇ ਪ੍ਰਸੰਗ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਵਿਸ਼ਾ ‘ਗੁਰਮੁਖੀ ਲਿਪੀ: ਚਿੰਤਨ, ਪੁਨਰ-ਚਿੰਤਨ’ ਸੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਭਾਸ਼ਾ ਵਿਭਾਗ ਦੀ ਧੁਨੀ ਦੇ ਗਾਇਨ ਨਾਲ ਕੀਤੀ ਗਈ। ਬੀ.ਐੱਡ. ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਵਿਦਵਾਨਾਂ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਸੈਮੀਨਾਰ ਦੀ ਰੂਪ-ਰੇਖਾ ਸਾਂਝੀ ਕੀਤੀ। ਇਸ ਮੌਕੇ ਸੂਬੇਦਾਰ ਬਾਬਾ ਬਲਬੀਰ ਸਿੰਘ ਨੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਸਮਾਜਿਕ ਜੀਵਨ ਨਾਲ ਜੋੜਦਿਆਂ ਇੱਕ ਅਰਥਪੂਰਨ ਕਵਿਤਾ ਪੇਸ਼ ਕੀਤੀ ਅਤੇ ਭਾਸ਼ਾ ਦੀ ਵਰਤਮਾਨ ਸਥਿਤੀ 'ਤੇ ਚਿੰਤਾ ਪ੍ਰਗਟਾਈ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੇ ਸਰੋਕਾਰਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਅਧਿਆਪਕਾਂ/ਵਿਦਿਆਰਥੀਆਂ ਨੂੰ ਪਿੰਡਾਂ ਦੀਆਂ ਲਾਇਬ੍ਰੇਰੀਆਂ ਲਈ 'ਪੁਸਤਕ ਦਾਨ ਮਹਾਂ ਦਾਨ ਮੁਹਿੰਮ' ਤਹਿਤ ਪੁਸਤਕਾਂ ਦਾਨ ਕਰਨ ਲਈ ਬੇਨਤੀ ਕੀਤੀ। ਪ੍ਰਮੁੱਖ ਵਕਤਾ ਤੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਸੁਖਵਿੰਦਰ ਸਿੰਘ ਸੰਘਾ ਨੇ ਗੁਰਮੁਖੀ ਲਿਪੀ ਦੀ ਇਤਿਹਾਸਕ ਵਿਲੱਖਣਤਾ ਅਤੇ ਵਿਗਿਆਨਕ ਬਣਤਰ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਗੁਰਮੁਖੀ ਦੇ ਡਾਟਾ ਨੂੰ ਅਮੀਰ ਕਰਨ ਲਈ ਇਸਨੂੰ ਇਲੈਕਟ੍ਰਾਨਿਕ ਮੀਡੀਆ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ।

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਦੀ ਧਰਤੀ ਉਹ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਬਾਲ-ਬੋਧ ਪੜ੍ਹਾਉਂਦੇ ਸਨ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ‘ਫੋਨੈਮਿਕ’ (ਇੱਕ ਧੁਨੀ, ਇੱਕ ਅੱਖਰ) ਦੇ ਸਿਧਾਂਤ 'ਤੇ ਅਧਾਰਤ ਹੈ, ਜਿਸ ਕਾਰਨ ਇਹ ਦੁਨੀਆ ਦੀਆਂ ਹੋਰਨਾਂ ਲਿਪੀਆਂ ਨਾਲੋਂ ਵੱਖਰੀ ਤੇ ਪੂਰਨ ਹੈ। ਉਨ੍ਹਾਂ ਨੇ ਗੁਰਬਾਣੀ ਦੇ ਅਧਿਆਤਮਕ ਪ੍ਰਵਚਨ, ਗੁਰੂ ਸਾਹਿਬਾਨ ਦੀ ਭਾਸ਼ਾ-ਸ਼ੈਲੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਲਿਪੀ ਦੇ ਮਹੱਤਵ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਸ਼ਬਦ-ਜੋੜਾਂ ਦੀਆਂ ਸਮੱਸਿਆਵਾਂ, ਅੱਖਰਾਂ ਦੇ ਉਚਾਰਨ, ਮੁਹਾਰਨੀ ਅਤੇ ਉਨ੍ਹਾਂ ਦੇ ਅਕਾਰ (ਬਣਤਰ) ਬਾਰੇ ਅਹਿਮ ਨੁਕਤੇ ਸਾਂਝੇ ਕੀਤੇ।

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂ ਢੀਂਗਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਭਾਸ਼ਾ ਅਤੇ ਲਿਪੀ ਦੇ ਅੰਤਰ-ਸੰਬੰਧਾਂ 'ਤੇ ਡੂੰਘੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਭਾਵਨਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ‘ਸ਼ਬਦ’ ਇੱਕ ਅਹਿਮ ਜ਼ਰੀਆ ਹਨ, ਪਰ ਇਨ੍ਹਾਂ ਸ਼ਬਦਾਂ ਨੂੰ ਸਦੀਵੀ ਰੂਪ ਵਿੱਚ ਅੰਕਿਤ ਕਰਨ ਲਈ ‘ਗੁਰਮੁਖੀ ਲਿਪੀ’ ਗੁਰੂ ਸਾਹਿਬਾਨ ਦੀ ਇੱਕ ਮਹਾਨ ਬਖਸ਼ਿਸ਼ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਗੁਰਬਾਣੀ ਅਤੇ ਭਾਸ਼ਾ ਦਾ ਇੱਕ ਤਕਨੀਕੀ ਪੱਖ ਵੀ ਹੈ। ਗੁਰਮੁਖੀ ਲਿਪੀ ਤਕਨੀਕੀ ਰੂਪ ਵਿੱਚ ਗੁਰਬਾਣੀ ਦੀ ਸੰਰਚਨਾ ਨਾਲ ਅਟੁੱਟ ਰੂਪ ਵਿੱਚ ਜੁੜੀ ਹੋਈ ਹੈ। ਇਹ ਲਿਪੀ ਕੇਵਲ ਅੱਖਰਾਂ ਦਾ ਸਮੂਹ ਨਹੀਂ, ਸਗੋਂ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਲਿਖਤ ਦਾ ਵਿਗਿਆਨਕ ਆਧਾਰ ਹੈ।

ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਜਗਤਾਰ ਸਿੰਘ ਸੋਖੀ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀਆਂ ‘ਧੁਨੀਆਂ’ ਦੇ ਸ਼ੁੱਧ ਉਚਾਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਕਿ ਅਜੋਕੀ ਪੀੜ੍ਹੀ ਆਪਣੇ ਭਾਸ਼ਾਈ ਮੂਲ ਨਾਲੋਂ ਟੁੱਟ ਰਹੀ ਹੈ, ਜਿਸ ਕਾਰਨ ਲਗਾਂ-ਮਾਤਰਾਂ ਦਾ ਉਚਾਰਨ ਅਤੇ ਮਹੱਤਵ ਲਗਾਤਾਰ ਘਟ ਰਿਹਾ ਹੈ। ਇਸ ਤੋਂ ਇਲਾਵਾ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਜੀ-ਬੋਰਡ (ਜੀ ਬੋਰਡ) ਵਰਗੇ ਆਧੁਨਿਕ ਸਾਧਨਾਂ ਨਾਲ ਜੋੜਨ 'ਤੇ ਜ਼ੋਰ ਦਿੱਤਾ।

ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਨੇ ਸੈਮੀਨਾਰ ਦੇ ਵਿਸ਼ੇ 'ਤੇ ਬੋਲਦਿਆਂ ਬਹੁਤ ਹੀ ਸੂਖਮ ਅਤੇ ਦਾਰਸ਼ਨਿਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਗੁਰਮੁਖੀ ਲਿਪੀ ਨੂੰ ਕੇਵਲ ਚਿੰਨ੍ਹਾਂ ਦਾ ਸਮੂਹ ਨਹੀਂ, ਸਗੋਂ ਪੰਜਾਬੀ ਜਨ-ਮਾਨਸ ਦੀ ਰੂਹਾਨੀ ਅਤੇ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਦੱਸਿਆ। ਗੁਰਮੁਖੀ ਲਿਪੀ ਦਾ ਵਿਕਾਸ ਗੁਰੂ ਸਾਹਿਬਾਨ ਦੀ ਉਸ ਦੂਰਅੰਦੇਸ਼ੀ ਦਾ ਸਿੱਟਾ ਹੈ, ਜਿਸ ਨੇ ਆਮ ਲੋਕਾਂ ਨੂੰ ਆਪਣੀ ਬੋਲੀ ਵਿੱਚ ਗਿਆਨ ਹਾਸਲ ਕਰਨ ਦੇ ਸਮਰੱਥ ਬਣਾਇਆ। ‘ਪੁਨਰ-ਚਿੰਤਨ’ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਲਿਪੀ ਨੂੰ ਅਜੋਕੇ ਦੌਰ ਦੀਆਂ ਚੁਣੌਤੀਆਂ ਅਨੁਸਾਰ ਢਾਲਣਾ ਪਵੇਗਾ ਅਤੇ ਇਹ ਭਰੋਸਾ ਦਿਵਾਇਆ ਕਿ ਭਾਸ਼ਾ ਵਿਭਾਗ ਪੰਜਾਬੀ ਮਾਂ-ਬੋਲੀ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ-ਪਸਾਰ ਲਈ ਨਿਰੰਤਰ ਯਤਨਸ਼ੀਲ ਹੈ। ਇਸ ਮੌਕੇ 'ਤੇ ਉਨਾਂ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਭਵਿੱਖ ਵਿੱਚ ਭਾਸ਼ਾ ਵਿਭਾਗ ਵੱਲੋਂ ਨਿਰੰਤਰ ਰੂਪ ਵਿੱਚ ਖਡੂਰ ਸਾਹਿਬ ਦੀ ਧਰਤੀ 'ਤੇ ਗੁਰਮੁਖੀ ਲਿਪੀ ਤੇ ਭਾਸ਼ਾ ਨੂੰ ਸਮਰਪਿਤ ਕਲਾਤਮਿਕ ਅਤੇ ਸਾਹਿਤਿਕ ਸਮਾਗਮ ਕਰਵਾਇਆ ਜਾਵੇਗਾ।

ਅੰਤ 'ਤੇ ਭਾਸ਼ਾ ਵਿਭਾਗ ਵੱਲੋਂ ਆਏ ਹੋਏ ਵਿਸ਼ਾ ਮਾਹਿਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਅੱਖਰਕਾਰੀ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ, ਡਾ. ਬਲਬੀਰ ਕੌਰ ਪੰਧੇਰ, ਚੇਤਨ ਕੁਮਾਰ, ਵਿਨੋਦ ਕੁਮਾਰ, ਮਾਸਟਰ ਬਲਦੇਵ ਸਿੰਘ ਖੁੱਲਰ, ਹੋਰ ਪਤਵੰਤੇ ਸੱਜਣ,ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande