
ਸ੍ਰੀ ਮੁਕਤਸਰ ਸਾਹਿਬ, 05 ਮਾਰਚ (ਹਿੰ.ਸ.)। ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਰਹੂੜਿਆਂਵਾਲੀ ਵਿਖੇ ਸੀਡ ਵਿਲੇਜ ਪ੍ਰੋਗਰਾਮ ਅਧੀਨ ਕਿਸਾਨ ਸਿਖਲਾਈ ਕੈਪ ਦਾ ਆਯੋਜਨ ਕੀਤਾ ਗਿਆ I
ਡਾ. ਹਰਮਨਦੀਪ ਸਿੰਘ ਏ.ਡੀ.ਓ. ਸਰਕਲ ਬਧਾਈ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਸੀਡ ਵਿਲੇਜ ਪ੍ਰੋਗਰਾਮ ('ਬੀਜ ਗ੍ਰਾਮ' ਯੋਜਨਾ) ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਖੇਤੀਬਾੜੀ ਪਹਿਲਕਦਮੀ ਹੈ, ਜਿਸਦਾ ਉਦੇਸ਼ ਪਿੰਡ ਪੱਧਰ 'ਤੇ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਵਧਾਉਣਾ ਅਤੇ ਕਿਸਾਨਾਂ ਨੂੰ ਬੀਜ ਉਤਪਾਦਨ ਲਈ ਉਤਸ਼ਾਹਿਤ ਕਰਨਾ ਹੈ। ਉਹਨਾਂ ਨੇ ਕਿਸਾਨਾਂ ਨੂੰ ਕਣਕ, ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀl
ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਨਾਲ ਖਾਦਾਂ ਦੀ ਸਹੀ ਮਿਕਦਾਰ ਦਾ ਪਤਾ ਲੱਗਦਾ ਹੈ, ਜਿਸ ਨਾਲ ਫਾਲਤੂ ਖਰਚਾ ਬਚਦਾ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਮਾੜੇ ਪਾਣੀ ਕਾਰਨ ਜ਼ਮੀਨ ਬੰਜਰ ਹੋ ਸਕਦੀ ਹੈ, ਇਸ ਲਈ ਟਿਊਬਵੈੱਲ ਦੇ ਪਾਣੀ ਦੀ ਟੈਸਟਿੰਗ ਕਰਵਾ ਕੇ ਹੀ ਫਸਲ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਜੇਕਰ ਪਾਣੀ ਵਿਚ ਕਾਲਾ ਸ਼ੋਰਾ ਹੈ ਤਾਂ ਸੁਧਾਰ ਲਈ ਸਰਕਾਰ ਵੱਲੋਂ ਜਿਪਸਮ 'ਤੇ 50 ਫੀਸਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਡਾ. ਸ਼ਵਿੰਦਰ ਸਿੰਘ ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਕਣਕ ਦੀ ਫਸਲ ਵਿੱਚ ਤਾਪਮਾਨ ਵਿੱਚ ਹੋ ਰਹੇ ਵਾਧੇ ਨੂੰ ਦੇਖਦਿਆਂ, ਜਿੱਥੇ ਲੋੜ ਹੋਵੇ ਉੱਥੇ ਹਲਕੀ ਸਿੰਚਾਈ ਕਰੋ। ਇਸ ਨਾਲ ਫਸਲ ਨੂੰ 'ਹੀਟ ਸਟ੍ਰੈੱਸ' (ਗਰਮੀ ਦੀ ਮਾਰ) ਤੋਂ ਬਚਾਇਆ ਜਾ ਸਕਦਾ ਹੈ। ਪੋਟਾਸ਼ੀਅਮ ਨਾਈਟਰੇਟ ਦਾ ਛਿੜਕਾਅ ਦਾਣੇ ਭਰਨ ਦੇ ਸਮੇਂ ਗਰਮੀ ਦੇ ਮਾੜੇ ਪ੍ਰਭਾਵ ਨੂੰ ਘਟਾਉਣ ਲਈ 2% ਪੋਟਾਸ਼ੀਅਮ ਨਾਈਟਰੇਟ (13:0:45) ਦਾ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ (4 ਕਿਲੋ ਖਾਦ 200 ਲੀਟਰ ਪਾਣੀ ਵਿੱਚ ਪ੍ਰਤੀ ਏਕੜ)। ਪੀਲੀ ਕੁੰਗੀ ਲਈ ਫਸਲ ਦੀ ਲਗਾਤਾਰ ਨਿਗਰਾਨੀ ਰੱਖੋ। ਜੇਕਰ ਕਿਤੇ ਪੀਲੀ ਕੁੰਗੀ ਦੇ ਨਿਸ਼ਾਨ ਦਿਖਾਈ ਦੇਣ, ਤਾਂ ਤੁਰੰਤ ਸਿਫਾਰਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ (ਜਿਵੇਂ ਕਿ ਟਿਲਟ ਜਾਂ ਨੈਟੀਵੋ) ਦਾ ਛਿੜਕਾਅ ਕਰੋ। ਨਰਮੇ ਦੀ ਗੁਲਾਬੀ ਸੁੰਡੀ ਛਿਟੀਆਂ ਦੇ ਢੇਰਾਂ ਵਿਚ ਅੱਧ-ਖਿੜੇ ਟੀਂਡਿਆਂ ਵਿੱਚ ਅਜੇ ਵੀ ਮੌਜੂਦ ਹੈ। ਇਸ ਕਰਕੇ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਅਸੀ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖਿੜੇ ਟੀਂਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਿਟੀਆਂ ਨਰਮੇ ਦੀ ਬਿਜਾਈ ਤੋ ਪਹਿਲਾਂ-ਪਹਿਲਾਂ ਵਰਤ ਲਈਆ ਜਾਣ ਤਾ ਜੋ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋ ਬਚਾਇਆ ਜਾ ਸਕੇ l ਉਨ੍ਹਾਂ ਕਿਸਾਨਾਂ ਨੂੰ ਘਰੇਲੂ ਬਗੀਚੀ ਬਣਾਉਣ ਅਤੇ ਆਪਣੀ ਘਰੇਲੂ ਖ਼ਪਤ ਲਈ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾI ਨਵਦੀਪ ਕੌਰ ਏ.ਐਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ