
ਸਮਰਾਲਾ, 05 ਮਾਰਚ (ਹਿੰ.ਸ.)। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਨੂੰਪੁਰ ਵਿਖੇ ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ ਦੀ ਸੁਰੂਆਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਸੁਦੀਪ ਸਿੱਧੂ ਨੇ ਦੱਸਿਆ ਕਿ ਸੀਏ ਕਰਵਿਕਸ (ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਓ) ਲਈ ਐਚਪੀਵੀ ਵੈਕਸੀਨੇਸ਼ਨ ਕੀਤੀ ਜਾਵੇਗੀ। ਇਹ ਵੈਕਸੀਨ ਉਨ੍ਹਾਂ ਕੁੜੀਆਂ ਨੂੰ ਲਗਾਈ ਜਾਵੇਗੀ ਜੋ 14ਵਾਂ ਜਨਮਦਿਨ ਮਨਾ ਚੁੱਕੀਆਂ ਹਨ ਅਤੇ 15ਵਾਂ ਜਨਮ ਦਿਨ ਅਜੇ ਨਹੀਂ ਮਨਾਇਆ ਹੈ।ਇਸ ਵੈਕਸੀਨ ਦੀ 0.5 ਮਿ.ਲੀ ਦੀ ਇੱਕ ਖੱਬੀ ਬਾਂਹ ਵਿੱਚ ਮਾਸਪੇਸ਼ੀ ਵਿੱਚ ਲਗਾਈ ਜਾਵੇਗੀ। ਇਹ ਵੈਕਸੀਨੇਸ਼ਨ ਰੋਜਾਨਾ ਅਗਲੇ 90 ਦਿਨ੍ਹਾਂ ਤੱਕ ਸੀ.ਐਚ.ਸੀ ਮਾਨੂੰਪੁਰ ਵਿਖੇ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕੇ ਇਹ ਕੀਮਤੀ ਟੀਕਾ ਹੈ ਜੋ ਕੇ ਬਿਲਕੁੱਲ ਮੁਫਤ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟੀਕਾ ਖਾਲੀ ਪੇਟ ਨਹੀਂ ਲਗਵਾਉਣਾ ਚਾਹੀਦਾ, ਇਸ ਲਈ ਕੁੜੀਆਂ ਨੂੰ ਪਹਿਲਾਂ ਢੰਗ ਨਾਲ ਨਾਸ਼ਤਾ ਜਾਂ ਖਾਣਾ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਟੀਕਾ ਲਗਵਾਉਣ ਵਾਲੀਆਂ ਕੁੜੀਆਂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ‘ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਕਿਸ਼ੋਰ ਕੁੜੀਆਂ ਨੂੰ ਹਿਊਮਨ ਪੈਪੀਲੋਮਾਵਾਇਰਸ (ਐਚਪੀਵੀ) ਤੋਂ ਬਚਾਉਣ ਲਈ ਚਲ ਰਹੇ ਯਤਨਾਂ ਦਾ ਹਿੱਸਾ ਹੈ, ਜੋ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਮੁੱਖ ਕਾਰਨ ਹੈ। ਇਸ ਸਮੇਂ ਡਾ. ਅੱਛਰਦੀਪ ਨੰਦਾ ਅਤੇ ਬੀ.ਈ.ਈ ਗੁਰਦੀਪ ਸਿੰਘ ਨੇ ਕਿਹਾ ਕਿ ਇਹ ਵੈਕਸੀਨੇਸ਼ਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਲਈ ਮਾਪੇ ਬਿਨ੍ਹਾਂ ਡਰ ਜਾਂ ਅਫਵਾਹ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ