
ਬਟਾਲਾ, 07 ਮਾਰਚ (ਹਿੰ.ਸ.)। ਪੰਜਾਬ ਸਰਕਾਰ ਵਲੋਂ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋਂ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਵਿੱਚ ਵਾਧਾ ਕੀਤਾ ਸਕੇ। ਇਨ੍ਹਾਂ ਉਪਰਾਲਿਆਂ ਤਹਿਤ ਹੀ ਦਫਤਰ ਕੇਨ ਕਮਿਸ਼ਨਰ, ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਰਿਆੜ ਗੰਨਾ ਫਾਰਮ ਭਾਮੜੀ ਵਿਖੇ ਰਾਜ ਪੱਧਰੀ ਗੰਨੇ ਦੀ ਫ਼ਸਲ ਤੇ ਆਤਮਾ ਸਕੀਮ ਤਹਿਤ ਰਾਜ ਪੱਧਰੀ ਖੇਤ ਮਨਾਇਆ ਗਿਆ, ਜਿਸ ’ਚ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਸੰਘੇੜਾ ਡਾਇਰੈਕਟਰ ਖੇਤਰੀ ਖੋਜ ਕੇਂਦਰ ਕਪੂਰਥਲਾ, ਡਾ. ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ(ਗੰਨਾ), ਸੁਖਦੀਪ ਸਿੰਘ ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬ, ਡਾ. ਸ਼ਾਹਬਾਜ਼ ਸਿੰਘ ਚੀਮਾ ਜ਼ਿਲ੍ਹਾ ਸਿਖਲਾਈ ਅਫ਼ਸਰ, ਪਵਿੱਤਰ ਸਿੰਘ ਗੰਨਾ ਵਿਕਾਸ ਅਧਿਕਾਰੀ ਬਟਾਲਾ ਗੰਨਾ ਮਿੱਲ, ਬਿਕਰਮਜੀਤ ਸਿੰਘ ਖੈਹਰਾ ਗੰਨਾ ਵਿਕਾਸ ਅਧਿਕਾਰੀ ਗੁਰਦਾਸਪੁਰ ਖੰਡ ਮਿੱਲ, ਡਾ. ਗੌਰਵ ਅਰੋੜਾ ਸਹਾਇਕ ਗੰਨਾ ਵਿਕਾਸ ਅਧਿਕਾਰੀ ਸਮੇਤ ਸਮੂਹ ਗੰਨਾ ਵਿਕਾਸ ਅਧਿਕਾਰੀ ਅਤੇ ਸਮੂਹ ਖੰਡ ਮਿੱਲਾਂ ਤੋਂ ਗੰਨਾ ਇੰਸਪੈਕਟਰ, ਸਰਵੇਅਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੁੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਖ਼ੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਆਦੇਸ਼ਾਂ ਅਤੇ ਪ੍ਰਬੰਧਕੀ ਸਕੱਤਰ ਖ਼ੇਤੀਬਾੜੀ ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਆਈ.ਏ. ਐੱਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਦਫਤਰ ਗੰਨਾ ਕਮਿਸ਼ਨਰ ਵੱਲੋਂ ਪੰਜਾਬ ਖੇਤੀਬਾੜੀ ਯਨੀਵਰਸਿਟੀ, ਸ਼ੂਗਰਫੈੱਡ, ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ/ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੁੰ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਆੜ ਫਾਰਮ ਇੱਕ ਪੂਰੀ ਤਰਾਂ ਨਵੀਨਤਮ ਤਕਨੀਕਾਂ ਅਪਣਾ ਕੇ ਗੰਨੇ ਦੀ ਖੇਤੀ ਕਰਨ ਵਾਲਾ ਫਾਰਮ ਹੈ , ਜਿਸਨੂੰ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੋਵੇਂ ਭਰਾ ਬਹੁਤ ਹੀ ਸਫਲਤਾ ਨਾਲ ਚਲਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਗੰਨੇ ਦੀ ਕਾਸ਼ਤ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਧੇਰੇ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਪ੍ਰੰਤੂ ਹੁਣ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਕਮੀ ਆ ਰਹੀ ਹੈ ਜਿਸ ਕਾਰਨ ਗੰਨੇ ਕਾਸ਼ਤਕਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਇਹ ਦੇਖਿਆ ਗਿਆ ਹੈ ਢਾਈ ਫੁੱਟ ਦੀ ਦੂਰੀ ਤੇ ਬਿਜਾਈ ਕਰਨ ਨਾਲ, ਮਸ਼ੀਨ ਨਾਲ ਕਟਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ ਜਿਸ ਨਾਲ ਗੰਨਾ ਕਾਸ਼ਤਕਾਰਾਂ ਅਤੇ ਮਿੱਲ ਪ੍ਰਬੰਧਕਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਸਫਲ ਖੇਤੀ ਲਈ ਜ਼ਰੂਰੀ ਹੈ ਕਿ ਗੰਨੇ ਦੀ ਬਿਜਾਈ ਸਮੇਂ ਸਿਰ, ਬੀਜ ਦੀ ਸਹੀ ਚੋਣ, ਬੀਜ ਦੀ ਸੋਧ , ਗੰਨੇ ਦਾ ਉੱਪਰਲਾ ਹਿੱਸਾ ਬੀਜ ਲਈ ਵਰਤਣਾ, ਖੇਤ ਵਿਚ ਟਰਾਇਕੋਡਰਾਮਾ ਦੀ ਵਰਤੋਂ ਕੀਤੀ ਜਾਵੇ।
ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਬਿਜਾਈ ਚੌੜੀ ਵਿੱਥ ਦੀਆਂ ਖਾਲੀਆਂ ਵਿਚ ਬਿਜਾਈ ਕਰਨ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰਕੇਨ ਹਾਰਵੈਸਟਰ ਨਾਲ ਗੰਨੇ ਦੀ ਕਟਾਈ ਦੇ ਰੁਝਾਨ ਵਧਣ ਨਾਲ ਵੀ ਚੌੜੀ ਵਿੱਥ ਦੀ ਬਿਜਾਈ ਕਰਨੀ ਜ਼ਰੂਰੀ ਹੋ ਗਈ ਹੈ ਕਿਉਂਕਿ ਢਾਈ ਫੁੱਟ ਦੀ ਬਿਜਾਈ ਦੀ ਬਿਜਾਏ ਚਾਰ ਤੋਂ ਪੰਜ ਫੁੱਟ ਦੀ ਬਿਜਾਈ ਵਿਚ ਗੰਨੇ ਦਾ ਨੁਕਸਾਨ ਘੱਟ ਹੁੰਦਾ ਹੈ। ਜੇਕਰ ਕਿਸਾਨ ਵੀਰ ਅਗਲੇ ਸਾਲ ਗੰਨੇ ਦੀ ਕਟਾਈ ਮਸ਼ੀਨ ਨਾਲ ਕਰਾਉਣ ਲਈ ਸੋਚ ਰਹੇ ਹਨ ਤਾਂ ਹੁਣ ਤੋਂ ਹੀ ਗੰਨੇ ਦੀ ਬਿਜਾਈ ਲਈ ਵਿਉਂਤਬੰਦੀ ਕਰਨੀ ਹੋਵੇਗੀ ਤਾਂ ਜੋਂ ਕਟਾਈ ਸਮੇਂ ਕਿਸੇ ਕਿਸਮ ਦੀ ਔਖ ਨਾਂ ਆਵੇ।
ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਕਤਾਰ ਤੋਂ ਕਤਾਰ 3 ਤੋਂ 5 ਫੁੱਟ ਅਤੇ ਬੂਟੇ ਤੋਂ ਬੂਟਾ 1 ਤੋਂ 1.5 ਫੁੱਟ ਦੀ ਦੂਰੀ ਦੀ ਦੋ ਕਤਾਰੀ ਖਾਲੀ ਵਿਧੀ ਨਾਲ ਕੀਤੀ ਜਾਵੇ ਤਾਂ ਇਸ ਵਿੱਚ ਪਾਣੀ ਦੀ ਖਪਤ ਤਾਂ ਘਟਦੀ ਹੈ, ਨਾਲ ਦੇ ਨਾਲ ਇਸ ਵਿਧੀ ਨਾਲ ਬੀਜਿਆ ਹੋਇਆ ਗੰਨਾ ਘੱਟ ਡਿੱਗਦਾ ਹੈ ਅਤੇ ਵੱਧ ਝਾੜ ਵੀ ਦੇਂਦਾ ਹੈ। ਗੰਨੇ ਦੀਆਂ ਦੋ ਲਾਈਨਾਂ ਵਿੱਚ ਦੂਰੀ ਘੱਟੋ ਘੱਟ 3 ਫੁੱਟ ਹੋਣੀ ਚਾਹੀਦੀ ਹੈ। ਇਸ ਫਾਸਲੇ ਤੇ ਛੋਟੇ ਟਰੈਕਟਰ/ ਪਾਵਰ ਵੀਡਰ ਨਾਲ ਵਾਹੀ ਕਰਕੇ ਨਦੀਨਾਂ ਦੀ ਰੋਕਥਾਮ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗੰਨੇ ਦੀ ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਰਨੀ ਹੈ ਤਾਂ ਗੰਨੇ ਦੀ ਪਨੀਰੀ ਤਿਆਰ ਕਰਕੇ ਬਿਜਾਈ ਕੀਤੀ ਜਾ ਸਕਦੀ ਹੈ
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ