
ਖਡੂਰ ਸਾਹਿਬ, 10 ਅਪ੍ਰੈਲ (ਹਿੰ.ਸ.)। ਐਸ.ਸੀ ਭਾਈਚਾਰੇ ਦੀ ਭਲਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਸਰਕਾਰ ਦੀ ਮੁੱਖ ਤਰਜੀਹ ਹੈ। ਇਹ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਐਸ.ਸੀ ਬਲਾਕ ਪ੍ਰਧਾਨਾਂ ਨਾਲ ਕੀਤੀ ਇਕ ਮਹੱਤਵਪੂਰਨ ਮੀਟਿੰਗ ਦੌਰਾਨ ਕੀਤਾ। ਇਸ ਮੀਟਿੰਗ ਦੌਰਾਨ ਹਲਕੇ ਦੇ ਵਿਕਾਸ ਕਾਰਜਾਂ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਬਲਾਕ ਪ੍ਰਧਾਨ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਸਰਕਾਰ ਤੱਕ ਪਹੁੰਚਾਵੇ ਅਤੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹੇ। ਮੀਟਿੰਗ ਦੌਰਾਨ ਪ੍ਰਧਾਨਾਂ ਵੱਲੋਂ ਆਪਣੇ-ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਅਤੇ ਸੁਝਾਆ ਵੀ ਸਾਂਝੇ ਕੀਤੇ ਗਏ, ਜਿਨ੍ਹਾਂ ਨੂੰ ਵਿਧਾਇਕ ਲਾਲਪੁਰਾ ਨੇ ਧਿਆਨ ਨਾਲ ਸੁਣਦਿਆਂ ਉਨ੍ਹਾਂ ਦੇ ਹੱਲ ਲਈ ਭਰੋਸਾ ਦਿਵਾਇਆ।
ਅੰਤ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹਲਕਾ ਖਡੂਰ ਸਾਹਿਬ ਨੂੰ ਵਿਕਾਸ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਜਾਵੇਗਾ। ਇਸ ਸਮੇਂ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਸਰਪੰਚ ਕੁਹਾੜਕਾ ਹਲਕਾ ਕੁਆਰਡੀਨੇਟਰ ਖਡੂਰ ਸਾਹਿਬ, ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਟਰੇਡ ਵਿੰਗ ਗੌਰਵ ਰਾਮਪਾਲ, ਰਜਿੰਦਰ ਸਿੰਘ ਪੰਨੂ ਹਲਕਾ ਸੰਗਠਨ ਇੰਚਾਰਜ ਖਡੂਰ ਸਾਹਿਬ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ