
ਫਾਜ਼ਿਲਕਾ, 15 ਅਪ੍ਰੈਲ (ਹਿੰ.ਸ.)। ਫਾਜ਼ਿਲਕਾ ਇਲਾਕੇ ਵਿੱਚ ਹੋਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਨੁਕਸਾਨ ਤੋਂ ਬਾਅਦ ਅਨਾਜ ਮੰਡੀਆਂ ਵਿੱਚ ਵਿਕਣ ਆਈ ਕਣਕ ਦੇ ਨਮੂਨੇ ਲੈਣ ਲਈ ਕੇਂਦਰੀ ਟੀਮ ਮੰਡੀ ਪਹੁੰਚੀ ਹੈ। ਇਸ ਮੌਕੇ ਕੇਂਦਰ ਦੀ ਟੀਮ ਦੇ ਅਧਿਕਾਰੀਆਂ ਨੇ ਕਣਕ ਦੀਆਂ ਢੇਰੀਆਂ ਵਿੱਚੋਂ ਵੱਖ-ਵੱਖ ਸੈਂਪਲ ਲੈਂਦਿਆਂ ਇਨ੍ਹਾਂ ਦੀ ਜਾਂਚ-ਪੜਤਾਲ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚੋਂ ਕਰੀਬ ਪੰਜ ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ 'ਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਟੀਮ ਦੇ ਅਧਿਕਾਰੀ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਪਿਛਲੇ ਦਿਨੀਂ ਬਰਸਾਤ ਅਤੇ ਗੜੇਮਾਰੀ ਨਾਲ ਕਾਫ਼ੀ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ, ਜਿਸ ਦੀ ਰਿਪੋਰਟ ਕੇਂਦਰ ਨੂੰ ਭੇਜੀ ਜਾ ਰਹੀ ਹੈ। ਇਸੇ ਤਹਿਤ ਹੁਣ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਕਣਕ ਦੀ ਫ਼ਸਲ ਦੇ ਸੈਂਪਲ ਲਏ ਜਾ ਰਹੇ ਹਨ। ਅਧਿਕਾਰੀਆਂ ਨੇ ਨੁਕਸਾਨ ਦੀ ਅਸਲ ਹੱਦ ਦਾ ਪਤਾ ਲਗਾਉਣ ਲਈ ਮੌਕੇ 'ਤੇ ਕਿਸਾਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ।
ਕੇਂਦਰੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ-ਨਾਲ ਜਲਾਲਾਬਾਦ, ਘੁਬਾਇਆ ਅਤੇ ਲਾਧੂਕਾ ਦੀਆਂ ਅਨਾਜ ਮੰਡੀਆਂ ਦਾ ਵੀ ਦੌਰਾ ਕੀਤਾ। ਟੀਮ ਨੇ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਾਜ਼ਿਲਕਾ ਵਿੱਚ ਦੇਖਣ ਨੂੰ ਮਿਲਿਆ ਹੈ। ਫਾਜ਼ਿਲਕਾ ਵਿੱਚ ਵੀ ਟੀਮ ਨੇ ਮੰਡੀ ਵਿੱਚ ਕਣਕ ਦੀ ਫ਼ਸਲ ਦੇ ਸੈਂਪਲ ਲਏ ਹਨ। ਉਨ੍ਹਾਂ ਕਿਹਾ ਕਿ ਸੈਂਪਲਾਂ ਦੀ ਜਾਂਚ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਾਜ਼ਿਲਕਾ ਦੀ ਮੰਡੀ ਵਿੱਚੋਂ ਲਏ ਗਏ ਪੰਜ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਜਾਵੇਗੀ।
ਖ਼ਰੀਦ ਏਜੰਸੀਆਂ ਮੁਤਾਬਕ ਕੁਝ ਦਿਨ ਪਹਿਲਾਂ ਹੋਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਜਿੱਥੇ ਕਣਕ ਦੀ ਫ਼ਸਲ ਜ਼ਮੀਨ 'ਤੇ ਵਿਛ ਜਾਣ ਨਾਲ ਦਾਣਾ ਕਾਲਾ ਪੈ ਗਿਆ ਹੈ, ਉੱਥੇ ਹੀ ਕਣਕ ਦੇ ਦਾਣੇ ਵਿੱਚ ਟੁੱਟ ਵੀ ਕਾਫ਼ੀ ਆ ਰਹੀ ਹੈ। ਉਥੇ ਹੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਣਕ ਦੀ ਫ਼ਸਲ ਦੀ ਖ਼ਰੀਦ ਵਿੱਚ ਕੁਝ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਸਰਕਾਰੀ ਖ਼ਰੀਦ ਏਜੰਸੀਆਂ ਫ਼ਸਲ ਨੂੰ ਸਮੇਂ ਸਿਰ ਖ਼ਰੀਦ ਸਕਣ। ਕੇਂਦਰੀ ਟੀਮ ਵੱਲੋਂ ਲਏ ਗਏ ਵੱਖ-ਵੱਖ ਸੈਂਪਲਾਂ ਦੀ ਰਿਪੋਰਟ ਤੋਂ ਬਾਅਂਦ ਉਮੀਦ ਜਤਾਈ ਜਾ ਰਹੀ ਹੈ ਕਿ ਕਣਕ ਦੀ ਸਰਕਾਰੀ ਖ਼ਰੀਦ ਸੁਚਾਰੂ ਰੂਪ ਵਿੱਚ ਸ਼ੁਰੂ ਹੋ ਸਕੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ