
ਅੰਮ੍ਰਿਤਸਰ, 15 ਅਪ੍ਰੈਲ (ਹਿੰ.ਸ.)| ਅੰਮ੍ਰਿਤਸਰ ਵਿੱਚ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨ ਵਾਲਾ ਇੱਕ ਕਥਿਤ ਰਿਸ਼ਵਤਖੋਰੀ ਦਾ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਇੱਕ ਏਐਸਆਈ, ਜੋ ਥਾਣਾ ਮਕਬੂਲਪੁਰਾ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ, ਇੱਕ ਵਿਅਕਤੀ ਤੋਂ ਪੈਸੇ ਲੈਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਅਨੁਸਾਰ ਸੰਬੰਧਿਤ ਵਿਅਕਤੀ ਏਐਸਆਈ ਨੂੰ 5,000 ਰੁਪਏ ਦਿੰਦਾ ਹੈ ਅਤੇ ਬਾਕੀ ਰਕਮ ਬਾਅਦ ਵਿੱਚ ਦੇਣ ਦੀ ਗੱਲ ਕਰਦਾ ਹੈ।
ਇਸ ਦੌਰਾਨ ਏਐਸਆਈ ਉਸ ਵਿਅਕਤੀ ਤੋਂ ਹੋਰ 1,000 ਰੁਪਏ ਦੀ ਮੰਗ ਕਰਦਾ ਸੁਣਾਈ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਰਕਮ ਮੁੰਨਸ਼ੀ ਲਈ ਹੈ। ਇਸ ਤੋਂ ਬਾਅਦ ਦੋਵੇਂ ਪੱਖ ਪੈਸਿਆਂ ਦੇ ਲੈਣ-ਦੇਣ ਤੋਂ ਬਾਅਦ ਪੋੜੀਆਂ ਤੋਂ ਹੇਠਾਂ ਉਤਰਦੇ ਵੀ ਦਿਖਾਈ ਦਿੰਦੇ ਹਨ। ਇਹ ਸਾਰੀ ਘਟਨਾ ਉਸ ਵਿਅਕਤੀ ਨਾਲ ਆਏ ਇੱਕ ਨੌਜਵਾਨ ਵੱਲੋਂ ਆਪਣੇ ਮੋਬਾਈਲ ‘ਚ ਰਿਕਾਰਡ ਕੀਤੀ ਗਈ, ਜੋ ਹੁਣ ਵਾਇਰਲ ਹੋ ਚੁੱਕੀ ਹੈ।
ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਏਸੀਪੀ ਉਤਰੀ ਅਭਿਨਵ ਜੈਨ ਨੇ ਦੱਸਿਆ ਕਿ ਇਹ ਵੀਡੀਓ ਲਗਭਗ 6 ਮਹੀਨੇ ਪੁਰਾਣੀ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਿਕਾਇਤ ਵਿਜੀਲੈਂਸ ਵਿਭਾਗ ਤੱਕ ਪਹੁੰਚ ਚੁੱਕੀ ਹੈ। ਦੂਜੇ ਪਾਸੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਅਨੂਪ ਨੇ ਕਿਹਾ ਕਿ ਹਾਲੇ ਤੱਕ ਇਸ ਸਬੰਧੀ ਕੋਈ ਅਧਿਕਾਰਕ ਸ਼ਿਕਾਇਤ ਦਰਜ ਨਹੀਂ ਹੋਈ, ਪਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵਿੱਚ ਹਰਕਤ ਤੇਜ਼ ਹੋ ਗਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਏਐਸਆਈ ਨੇ ਕਥਿਤ ਤੌਰ ‘ਤੇ ਕੇਸ ਪ੍ਰਾਪਰਟੀ ਵਜੋਂ ਇੱਕ ਬੱਸ ਨੂੰ ਥਾਣੇ ਤੱਕ ਲਿਆਉਣ ਦੇ ਖਰਚੇ ਦੇ ਨਾਂ ‘ਤੇ ਪੈਸੇ ਮੰਗੇ ਸਨ। ਇਹ ਮਾਮਲਾ 7 ਅਕਤੂਬਰ ਨੂੰ ਅਲਫਾ ਵਨ ਨੇੜੇ ਬੀਆਰਟੀਐਸ ਕੋਰੀਡੋਰ ਵਿੱਚ ਹੋਏ ਇੱਕ ਬੱਸ ਹਾਦਸੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿਸ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ 2 ਹੋਰ ਜ਼ਖ਼ਮੀ ਹੋਏ ਸਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH