
ਪਟਿਆਲਾ, 16, ਅਪ੍ਰੈਲ (ਹਿੰ.ਸ.)। ਸਾਡੀਆਂ ਲੋਕ ਖੇਡਾਂ ਸਿਰਫ਼ ਸਰੀਰਕ ਗਤੀਵਿਧੀਆਂ ਨਹੀਂ ਹਨ। ਇਹ ਸਾਡੇ ਇਤਿਹਾਸ ਦਾ ਜਿਉਂਦਾ-ਜਾਗਦਾ ਸਰਮਾਇਆ ਹੈ। ਇਹ ਖੇਡਾਂ ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀ ਕਲਾ' ਦਾ ਪ੍ਰਤੀਕ ਹਨ। ਇਨ੍ਹਾਂ ਨੂੰ ਸੰਭਾਲਣਾ ਤੇ ਪ੍ਰਫੁੱਲਿਤ ਕਰਨਾ ਸਾਡੀ ਜ਼ਰੂਰਤ ਹੈ। ਇਹ ਪ੍ਰਗਟਾਵਾ 'ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਕਰਵਾਏ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਬਾਰਾਂਦਰੀ ਸਥਿਤ ਪ੍ਰਭਾਤ ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਵਿਖੇ ਕਰਵਾਏ ਇਸ ਸੈਮੀਨਾਰ ਦੌਰਾਨ ਵੀ.ਸੀ. ਪ੍ਰੋ. ਗਿੱਲ ਨੇ ਕਿਹਾ ਕਿ ਭਾਵੇਂ ਕੌਮਾਂਤਰੀ ਪੱਧਰ ਉਤੇ ਪ੍ਰਵਾਨਿਤ ਆਧੁਨਿਕ ਖੇਡਾਂ ਵਿਸ਼ਵ ਪੱਧਰ 'ਤੇ ਪਛਾਣ ਲਈ ਜ਼ਰੂਰੀ ਹਨ, ਪਰ ਸਾਡੀਆਂ ਸਥਾਨਕ ਲੋਕ ਖੇਡਾਂ ਉਹ ਬੁਨਿਆਦੀ ਤਾਕਤ ਅਤੇ ਭਾਈਚਾਰਕ ਸਾਂਝ ਪ੍ਰਦਾਨ ਕਰਦੀਆਂ ਹਨ ਜਿਸ ਦੀ ਬਰਾਬਰੀ ਕੋਈ ਵੀ ਆਧੁਨਿਕ ਖੇਡ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਲਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਤੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲਾ ਕਦਮ ਹੈ।
ਵਾਈਸ ਚਾਂਲਸਰ ਨੇ ਕਿਹਾ ਕਿ ਅਸੀਂ ਇਹਨਾਂ ਖੇਡਾਂ ਨੂੰ ਅਕਾਦਮਿਕ ਪਾਠਕ੍ਰਮ ਦਾ ਰਸਮੀ ਹਿੱਸਾ ਬਣਾਉਣ ਲਈ ਵੀ ਕੰਮ ਕਰਾਂਗੇ, ਤਾਂ ਜੋ ਪੰਜਾਬ ਦੇ ਕਿਸੇ ਵੀ ਪਿੰਡ ਦਾ ਬੱਚਾ 'ਗੱਤਕਾ' ਸਿੱਖਣ ਵਿੱਚ ਵੀ ਓਨਾ ਹੀ ਮਾਣ ਮਹਿਸੂਸ ਕਰੇ ਜਿੰਨਾ ਉਹ ਕਿਸੇ ਓਲੰਪਿਕ ਖੇਡ ਵਿੱਚ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਖੇਡਾਂ ਦੇ 'ਭਵਿੱਖ' ਨੂੰ ਸੁਰੱਖਿਅਤ ਕਰਨ ਲਈ ਸਾਨੂੰ ਬਹੁਤ ਸਾਰੇ ਸੰਸਥਾਗਤ ਕਦਮ ਚੁੱਕਣ ਦੀ ਲੋੜ ਹੈ।
ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਆਪਣੀ ਮਿੱਟੀ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਜਿੱਤਣ ਲਈ ਨਹੀਂ ਹੁੰਦੀਆਂ ਬਲਕਿ ਸਿੱਖਣ ਲਈ ਹੁੰਦੀਆਂ ਹਨ। ਲੋਕ ਖੇਡਾਂ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਹੁਣ ਜਦੋਂ ਆਧੁਨਿਕ ਸੰਗਠਿਤ ਖੇਡਾਂ ਬਹੁਤ ਗੁੰਝਲਦਾਰ ਅਤੇ ਮਹਿੰਗੀਆਂ ਹੋ ਗਈਆਂ ਹਨ ਤਾਂ ਦੂਜੇ ਪਾਸੇ ਸਾਡੀਆਂ ਲੋਕ ਖੇਡਾਂ ਹਾਲੇ ਵੀ ਸਰਲ, ਸਸਤੀਆਂ ਅਤੇ ਪ੍ਰਭਾਵਸ਼ਾਲੀ ਹਨ।
ਡਾ. ਗੁਰਭਜਨ ਗਿੱਲ ਨੇ ਸੈਮੀਨਾਰ ਦੀ ਸਨਮਾਨਿਤ ਸ਼ਖ਼ਸੀਅਤ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਜਦੋਂ ਏ.ਆਈ. ਦਾ ਬੋਲਬਾਲਾ ਹੋ ਰਿਹਾ ਹੈ ਅਤੇ ਵਿਸ਼ਵੀਕਰਨ ਨੇ ਮਨੁੱਖ 'ਤੇ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪਾਏ ਹਨ ਤਾਂ ਸਾਨੂੰ ਲੋਕ ਖੇਡਾਂ ਸਮੇਤ ਆਪਣੇ ਸਮੁੱਚੇ ਵਿਰਸੇ ਨੂੰ ਤਰਜੀਹੀ ਅਧਾਰ 'ਤੇ ਬਚਾਉਣਾ ਪਵੇਗਾ।
ਉੱਘੇ ਲੋਕਧਾਰਾ ਸ਼ਾਸਤਰੀ ਡਾ. ਗੁਰਮੀਤ ਸਿੰਘ ਨੇ ਆਪਣਾ ਮੁੱਖ-ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ। ਉਹਨਾਂ ਵਿਸਥਾਰ ਵਿੱਚ ਸਮਝਾਇਆ ਕਿ ਲੋਕ ਖੇਡਾਂ ਵਿੱਚ ਪ੍ਰਚੱਲਿਤ ਗਤੀਵਿਧੀਆਂ, ਇਸ਼ਾਰੇ, ਅਦਾਵਾਂ, ਸ਼ਬਦਾਵਲੀ ਆਦਿ ਦੇ ਬਹੁਤ ਗਹਿਰੇ ਅਰਥ ਹੁੰਦੇ ਹਨ ਜੋ ਮਨੁੱਖ ਦੇ ਅਵਚੇਤਨ ਨਾਲ ਜੁੜੇ ਭਾਵਾਂ ਦਾ ਪ੍ਰਗਟਾਅ ਬਣਦੇ ਹਨ।
ਉਦਘਾਟਨੀ ਸੈਸ਼ਨ ਦਾ ਸੰਚਾਲਨ ਕਰਦੇ ਸੈਮੀਨਾਰ ਦੀ ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਵਿਸ਼ੇ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਪਰਮਿੰਦਰ ਸਿੰਘ ਗਿੱਲ ਨੇ ਧੰਨਵਾਦ ਕੀਤਾ। ਉਪਰੰਤ ਹੋਈ ਪੈਨਲ ਚਰਚਾ ਦੌਰਾਨ ਪ੍ਰੋ. ਸੁਰਜੀਤ ਸਿੰਘ ਭੱਟੀ, ਡਾ. ਹਰਜੀਤ ਕੌਰ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਆਪਣੇ ਅਹਿਮ ਵਿਚਾਰ ਪ੍ਰਗਟਾਏ। ਇਸ ਸੈਸ਼ਨ ਦਾ ਸੰਚਾਲਨ ਡਾ. ਅਮਰੀਕ ਸਿੰਘ ਨੇ ਕੀਤਾ।
ਇਸ ਉਪਰੰਤ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਵੱਖ ਵੱਖ ਖੋਜਾਰਥੀਆਂ ਵੱਲੋਂ ਆਪਣੀ ਖੋਜ ਪੱਤਰ ਪੇਸ਼ ਕੀਤੇ ਗਏ। ਖੋਜਾਰਥੀਆਂ ਵੱਲੋਂ ਪੰਜਾਬ ਦਾ ਇਤਿਹਾਸ, ਸਭਿਆਚਾਰ, ਲੋਕ ਖੇਡਾਂ, ਪੰਜਾਬੀ ਲੋਕ ਖੇਡਾਂ ਦਾ ਵਰਗੀਕਰਨ ਅਤੇ ਇਤਿਹਾਸ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਲੋਕ ਖੇਡਾਂ ਨੂੰ ਪਾਠ ਕਰਨ ਵਿੱਚ ਸ਼ਾਮਿਲ ਕਰਨ ਆਦਿ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਗਏ। ਅੰਤ ਵਿੱਚ ਸਮਾਪਤੀ ਸੈਸ਼ਨ ਦਾ ਸੰਚਾਲਨ ਡਾ. ਸਨਮਾਨ ਕੌਰ ਵੱਲੋਂ ਕੀਤਾ ਗਿਆ। ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਮਾਨ ਸਿੰਘ ਢੀਂਡਸਾ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਕਿਰਨਜੀਤ ਕੌਰ ਆਦਿ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ