
ਫ਼ਰੀਦਕੋਟ, 17 ਅਪ੍ਰੈਲ (ਹਿੰ.ਸ.)। ਵਿਧਾਇਕ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਹਰਦਿਆਲਿਆਣਾ ਵਿਖੇ ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਦੀ ਕਾਨੂੰਨੀ ਮਲਕੀਅਤ ਦੇ ਦਸਤਾਵੇਜ਼ ਵੰਡੇ ਗਏ। ਇਸ ਮੌਕੇ ਵਿਧਾਇਕ ਸੇਖੋਂ ਨੇ ਕਿਹਾ ਕਿ ਇਹ ਯੋਜਨਾ ਸਰਕਾਰ ਵੱਲੋਂ ਲੋਕਾਂ ਨੂੰ ਮਾਲਕੀ ਹੱਕ ਦੇਣ ਵੱਲ ਇੱਕ ਇਤਿਹਾਸਕ ਕਦਮ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਘਰਾਂ ਵਿੱਚ ਰਹਿੰਦੇ ਹੋਏ ਵੀ ਆਪਣੀ ਜਾਇਦਾਦ ਦੇ ਕਾਨੂੰਨੀ ਮਾਲਕ ਨਹੀਂ ਹੁੰਦੇ ਸਨ, ਜਿਸ ਕਰਕੇ ਅਕਸਰ ਝਗੜੇ, ਕਬਜ਼ਿਆਂ ਅਤੇ ਅਦਾਲਤੀ ਮਾਮਲੇ ਬਣਦੇ ਰਹਿੰਦੇ ਸਨ।
ਉਨ੍ਹਾਂ ਦੱਸਿਆ ਕਿ ਸਰਕਾਰ ਦੀ ਨਵੀਂ ਪਾਲਸੀ ਦੇ ਤਹਿਤ ਹੁਣ ਪਿੰਡਾਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੀ ਪੱਕੀ ਮਲਕੀਅਤ ਦਿੱਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਮਿਲੇਗੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦਾਂ ਦਾ ਹੱਲ ਵੀ ਨਿਕਲੇਗਾ।
ਸੇਖੋਂ ਨੇ ਕਿਹਾ ਕਿ ਇਹ ਮਸਲੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਚੱਲਦੇ ਆ ਰਹੇ ਸਨ, ਪਰ ਮੌਜੂਦਾ ਸਰਕਾਰ ਨੇ ਹਿੰਮਤ ਵਾਲਾ ਫੈਸਲਾ ਲੈਂਦੇ ਹੋਏ ਲੋਕਾਂ ਦੇ ਹੱਕ ਵਿੱਚ ਇਹ ਵੱਡਾ ਕਦਮ ਚੁੱਕਿਆ ਹੈ। ਇਸ ਯੋਜਨਾ ਨਾਲ ਨਾ ਸਿਰਫ਼ ਲੋਕਾਂ ਨੂੰ ਆਪਣੇ ਘਰਾਂ ਦੀ ਮਲਕੀਅਤ ਮਿਲੀ ਹੈ, ਸਗੋਂ ਅਦਾਲਤਾਂ ਵਿੱਚ ਚੱਲ ਰਹੇ ਕਈ ਮਾਮਲੇ ਵੀ ਖਤਮ ਹੋਣਗੇ। ਇਸ ਮੌਕੇ ਤਹਿਸੀਲਦਾਰ ਹਰਸ਼ਵੀਰ ਗੋਇਲ, ਜਸਕਰਨ ਸਿੰਘ ਸਰਪੰਚ, ਗੁਰਤੇਜ ਸਿੰਘ, ਰਣਜੀਤ ਸਿੰਘ, ਰਛਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ