
ਪਟਿਆਲਾ, 30 ਅਪ੍ਰੈਲ (ਹਿੰ.ਸ.)। ’ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਸਕੂਲੀ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਪਟਿਆਲਾ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱ.) ਸ਼ਾਲੂ ਮਹਿਰਾ ਦੀ ਰਹਿਨੁਮਾਈ ਹੇਠ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਜਿਲ੍ਹੇ ਭਰ ਵਿੱਚੋਂ ਚੰਗੇ ਅੰਕ ਹਾਸਲ ਕਰਨ ਵਾਲੀਆਂ 105 ਟੌਪਰ ਵਿਦਿਆਰਥਣਾਂ ਦਾ ਸਨਮਾਨ ਕੀਤਾ ਹੈ।
ਜ਼ਿਲੇ ਭਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚੋਂ ਸੈਸ਼ਨ 2025-26 ਦੌਰਾਨ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੌਰਾਨ ਚੰਗੇ ਅੰਕ ਹਾਸਲ ਕਰਨ ਵਾਲੀਆਂ 105 ਵਿਦਿਆਰਥਣਾਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਪੀਐਮ ਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਉਪ ਜਿਲਾ ਸਿੱਖਿਆ ਅਧਿਕਾਰੀ (ਐਲੀ. ਸਿੱ.) ਪਟਿਆਲਾ ਮਨਵਿੰਦਰ ਕੌਰ ਭੁੱਲਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮਲਟੀਪਰਪਜ਼ ਸਕੂਲ ਦੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨਵਿੰਦਰ ਕੌਰ ਭੁੱਲਰ ਨੇ ਕਿਹਾ ਕਿ ਜ਼ਿਲ੍ਹੇ ਭਰ ਦੀਆਂ 105 ਵਿਦਿਆਰਥਣਾਂ ਵੱਲੋਂ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਨੇ ਜਿੱਥੇ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਉਥੇ ਹੀ 21 ਵਿਦਿਆਰਥਣਾਂ ਅਜਿਹੀਆਂ ਵੀ ਹਨ ਜਿਨਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਨੇ ਸ਼ਾਨਦਾਰ ਅੰਕ ਹਾਸਲ ਕਰਕੇ ਇਹਨਾਂ ਧੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅੱਜ ਦੇ ਯੁੱਗ ਵਿੱਚ ਧੀਆਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਧੀਆਂ ਨੂੰ ਪੜ੍ਹਨ ਦਾ ਸੁਚੱਜਾ ਮਾਹੌਲ ਦਿੱਤਾ ਜਾਵੇ ਤਾਂ ਇਹਨਾਂ ਨੇ ਹੀ ਕਲਪਨਾ ਚਾਵਲਾ, ਮਦਰ ਟਰੇਸਾ, ਕਿਰਨ ਬੇਦੀ ਵਰਗੀਆਂ ਸ਼ਖਸੀਅਤਾਂ ਬਣਨਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਜੋ ਧੀਆਂ ਕਿਸੇ ਕਾਰਨ ਪੜ੍ਹਾਈ ਤੋਂ ਵਾਂਝੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਪੜ੍ਹਾਈ ਨਾਲ ਜੋੜਨ ਲਈ ਸਕੂਲਾਂ ਵਿੱਚ ਭੇਜਿਆ ਜਾਵੇ।
ਇਸ ਮੌਕੇ ਮਲਟੀਪਰਪਜ਼ ਸਕੂਲ ਪ੍ਰਿੰਸੀਪਲ ਵਿਜੇ ਕਪੂਰ ਨੇ ਕਿਹਾ ਕਿ ਪੰਜਵੀਂ ਜਮਾਤ ਦੇ ਆਏ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਬਹੁਤ ਉੱਚਾ ਉੱਠ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਪੜੇ ਹੋਏ ਵਿਦਿਆਰਥੀ ਵੱਖ-ਵੱਖ ਮਹੱਤਵਪੂਰਨ ਸੀਟਾਂ 'ਤੇ ਸੇਵਾਵਾਂ ਨਿਭਾਅ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ