
ਚੰਡੀਗੜ੍ਹ, 01 ਮਈ (ਹਿੰ.ਸ.)| ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਰਹਿਣ ਵਾਲੀ ਨਿਤਾਸ਼ਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਆਪਣਾ ਰਾਜਨੀਤਿਕ ਸਫਰ ਸ਼ੁਰੂ ਕੀਤਾ। ਪਾਰਟੀ ਦੀ ਸੀਨੀਅਰ ਮਹਿਲਾ ਨੇਤਰੀ ਨੀਤੀ ਤਲਵਾੜ ਵੱਲੋਂ ਉਨ੍ਹਾਂ ਨੂੰ ਪਾਰਟੀ ਵਿੱਚ ਸਵਾਗਤ ਕੀਤਾ ਗਿਆ ਅਤੇ ਮੌਕੇ ‘ਤੇ ਹੀ ਵਾਰਡ ਨੰਬਰ 47 ਦੀ ਮਹਿਲਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਨੀਤੀ ਤਲਵਾੜ ਨੇ ਕਿਹਾ ਕਿ ਸਮਾਜਿਕ ਬਦਲਾਅ ਵਿੱਚ ਮਹਿਲਾਵਾਂ ਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸਮਾਜ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਪੈਂਦੀ ਹੈ, ਮਹਿਲਾਵਾਂ ਅੱਗੇ ਆ ਕੇ ਜ਼ਿੰਮੇਵਾਰੀ ਨਿਭਾਉਂਦੀਆਂ ਹਨ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਿਸ ਕਾਰਨ ਔਰਤਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ।
ਨੀਤੀ ਤਲਵਾੜ ਨੇ ਕਿਹਾ ਕਿ ਨਿਤਾਸ਼ਾ ਵਰਗੀਆਂ ਮਿਹਨਤੀ ਅਤੇ ਸਮਰਪਿਤ ਮਹਿਲਾਵਾਂ ਦੇ ਪਾਰਟੀ ਨਾਲ ਜੁੜਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ‘ਤੇ ਵੱਡੀ ਮਜ਼ਬੂਤੀ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਵਾਰਡ ਨੰਬਰ 47 ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਸਕੇ। ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਨਿਤਾਸ਼ਾ ਨੇ ਨੀਤੀ ਤਲਵਾੜ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੇ ਉੱਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਉਪਲਬਧ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਮਾਜ ਸੇਵਾ ਦੇ ਆਪਣੇ ਤਜਰਬੇ ਨੂੰ ਰਾਜਨੀਤਿਕ ਮੰਚ ‘ਤੇ ਵਰਤ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੀਆਂ। ਇਸ ਮੌਕੇ ਕ੍ਰਿਸ਼ਨਾ ਥਾਪਰ, ਸੋਨੀਆ ਤਲਵਾੜ, ਆਸਥਾ ਕਪੂਰ, ਸੁਸ਼ਮਾ ਚੱਢਾ, ਪਰਮਜੀਤ ਕੌਰ, ਰਿਮਪੀ, ਮੀਨਾ ਅਤੇ ਆਸ਼ਾ ਸਮੇਤ ਕਈ ਹੋਰ ਮਹਿਲਾਵਾਂ ਵੀ ਮੌਜੂਦ ਰਹੀਆਂ, ਜਿਨ੍ਹਾਂ ਨੇ ਨਿਤਾਸ਼ਾ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH