
ਤਰਨ ਤਾਰਨ, 30 ਅਪ੍ਰੈਲ (ਹਿੰ.ਸ.)। ਪੰਜਾਬ ਵਿੱਚ ਲੱਗ ਰਹੇ ਅਣਐਲਾਨੇ ਬਿਜਲੀ ਕੱਟਾਂ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਖਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਘਰ ਚੋਹਲਾ ਸਾਹਿਬ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ਜ਼ਿਲ੍ਹਾ ਪ੍ਰਧਾਨ ਜਥੇ: ਅਲਵਿੰਦਰਪਾਲ ਸਿੰਘ ਪੱਖੋਕੇ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਮੁੱਚੀ ਖਡੂਰ ਸਾਹਿਬ ਦੀ ਜ਼ਿਲ੍ਹਾ ਜਥੇਬੰਦੀ ਅਤੇ ਟਕਸਾਲੀ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰਵਿੰਦਰ ਸਿੰਘ ਬ੍ਰਹਮਪੁਰਾ (ਸਾਬਕਾ ਵਿਧਾਇਕ ਅਤੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਡਟ ਕੇ ਪਹਿਰਾ ਦਿੰਦਾ ਰਿਹਾ ਹੈ ਅਤੇ ਅੱਜ ਦਾ ਇਹ ਭਾਰੀ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਾਰਟੀ ਦੇ ਅਸਲ ਵਾਰਸ ਅਤੇ ਟਕਸਾਲੀ ਵਰਕਰ ਪੂਰੀ ਤਰ੍ਹਾਂ ਇਕਜੁੱਟ ਹਨ।
ਇਸ ਵਿਸ਼ਾਲ ਧਰਨੇ ਵਿੱਚ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਜਥੇ: ਗੁਰਬਚਨ ਸਿੰਘ ਕਰਮੂੰਵਾਲਾ (ਐਸ.ਜੀ.ਪੀ.ਸੀ. ਮੈਂਬਰ), ਜਥੇ: ਦਲਬੀਰ ਸਿੰਘ ਜਹਾਂਗੀਰ (ਮੀਤ ਪ੍ਰਧਾਨ), ਗੁਰਸੇਵਕ ਸਿੰਘ ਸ਼ੇਖ (ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ), ਜਗਜੀਤ ਸਿੰਘ ਜੱਗੀ (ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ), ਜਗਤਾਰ ਸਿੰਘ ਧੂੰਦਾ (ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ), ਮਨਜਿੰਦਰ ਸਿੰਘ ਲਾਟੀ (ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ), ਗਿਆਨ ਸਿੰਘ (ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਜਗੀਰ ਕੌਰ ਮਾਨੋਚਾਹਲ ਮੈਂਬਰ ਜ਼ਿਲ੍ਹਾ ਪਰਿਸ਼ਦ, ਦਿਲਬਾਗ਼ ਸਿੰਘ ਕਾਹਲਵਾਂ (ਸਰਪੰਚ), ਚੇਅਰਮੈਨ ਅਮਰੀਕ ਸਿੰਘ ਪੱਖੋਕੇ ਆਦਿ ਹਾਜ਼ਰ ਸਨ।
ਸਿਆਸੀ ਹਲਕਿਆਂ ਵਿੱਚ ਇਸ ਧਰਨੇ ਦੀ ਭਾਰੀ ਚਰਚਾ ਹੈ ਕਿਉਂਕਿ ਖਡੂਰ ਸਾਹਿਬ ਦੀ ਸਮੂਚੀ ਜ਼ਿਲ੍ਹਾ ਜਥੇਬੰਦੀ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪਿੰਡਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਐਨੀ ਵੱਡੀ ਅਤੇ ਸਾਂਝੀ ਸ਼ਮੂਲੀਅਤ ਨੇ ਇਹ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਰੀੜ੍ਹ ਦੀ ਹੱਡੀ ਉਸਦੇ ਸਮਰਪਿਤ ਅਤੇ ਟਕਸਾਲੀ ਆਗੂ ਹੀ ਹਨ। ਇਹ ਇਕਜੁੱਟਤਾ ਦਰਸਾਉਂਦੀ ਹੈ ਕਿ ਪਾਰਟੀ ਦੀ ਜ਼ਮੀਨੀ ਪੱਧਰ 'ਤੇ ਪਕੜ ਬਹੁਤ ਮਜ਼ਬੂਤ ਹੈ ਅਤੇ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਪਾਰਟੀ ਦੇ ਸਿਧਾਂਤਾਂ 'ਤੇ ਪਹਿਰਾ ਦੇਣ ਲਈ ਹਰ ਫ਼ਰੰਟ 'ਤੇ ਤਿਆਰ-ਬਰ-ਤਿਆਰ ਹਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ