ਬਟਾਲਾ ’ਚ 65 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ 'ਜ਼ਿਲ੍ਹਾ ਪੁਲਿਸ ਦਫ਼ਤਰ ਬਟਾਲਾ' ਦੀ ਨਵੀਂ ਇਮਾਰਤ
ਵਿਧਾਇਕ ਸ਼ੈਰੀ ਕਲਸੀ ਅਤੇ ਡੀ.ਆਈ.ਜੀ ਬਾਰਡਰ ਰੇਂਜ ਸੰਦੀਪ ਗੋਇਲ ਵੱਲੋਂ ਇਮਾਰਤ ਬਣਾਉਣ ਦੀ ਸ਼ੁਰੂਆਤ
ਵਿਧਾਇਕ ਸ਼ੈਰੀ ਕਲਸੀ ਅਤੇ ਡੀ.ਆਈ.ਜੀ ਬਾਰਡਰ ਰੇਂਜ ਸੰਦੀਪ ਗੋਇਲ ਵੱਲੋਂ ਇਮਾਰਤ ਬਣਾਉਣ ਦੀ ਸ਼ੁਰੂਆਤ


ਬਟਾਲਾ, 30 ਅਪ੍ਰੈਲ (ਹਿੰ.ਸ.)। ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਬਟਾਲਾ ਵਾਸੀਆਂ ਨੂੰ ਇਕ ਹੋਰ ਤੋਹਫਾ ਦਿੰਦਿਆਂ ਪੁਲਿਸ ਲਾਈਨ ਬਟਾਲਾ ਵਿਖੇ 'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਨਵੀਂ ਇਮਾਰਤ ਬਣਾਉਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੁਬਾਰਕ ਮੌਕੇ ਸੰਦੀਪ ਗੋਇਲ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਬਾਰਡਰ ਰੇਂਜ ਅੰਮ੍ਰਿਤਸਰ ਅਤੇ ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ.ਬਟਾਲਾ ਵੀ ਮੌਜੂਦ ਸਨ।

'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਨਵੀਂ ਇਮਾਰਤ ਬਣਾਉਣ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਸਾਥੀਆਂ ਨਾਲ ਗੱਲ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ 16 ਅਪ੍ਰੈਲ ਨੂੰ ਬਟਾਲਾ ਫੇਰੀ ਮੌਕੇ ਦੌਰਾਨ ਬਟਾਲਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਰਫਤਾਰ ਦਿੰਦਿਆਂ 'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ ' ਦੀ ਨਵੀਂ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸਦੀ ਅੱਜ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਦੇ ਇਤਿਹਾਸ ਵਿੱਚ ਵਿਕਾਸ ਦਾ ਇੱਕ ਹੋਰ ਪੰਨਾ ਜੋੜਦਿਆਂ ਦੱਸਿਆ ਕਿ 65 ਕਰੋੜ ਰੁਪਏ ਦੀ ਲਾਗਤ ਨਾਲ ' ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ' ਵਿੱਚ 'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ' ਦੀ 5 ਮੰਜਿਲਾ ਇਮਾਰਤ ਦੀ ਉਸਾਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆਂ ਕਿ 15 ਏਕੜ 1 ਕਨਾਲ ਅਤੇ 10 ਮਰਲੇ ਵਿੱਚ 'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਇਮਾਰਤ ਲਈ ਪਹਿਲੇ ਪੜਾਅ ਵਿੱਚ 14 ਕਰੋੜ 81 ਲੱਖ ਰੁਪਏ ਦਾ ਫੰਡ ਅਲਾਟ ਹੋ ਗਿਆ ਹੈ।

ਵਿਧਾਇਕ ਕਲਸੀ ਨੇ ਅੱਗੇ ਦੱਸਿਆ ਕਿ ਇਸ ਸ਼ਾਨਦਾਰ 'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ ' ਵਿੱਚ ਦਫਤਰ ਐੱਸ.ਐੱਸ.ਪੀ. ਐੱਸ.ਪੀਜ਼., ਡੀ.ਐੱਸ.ਪੀਜ਼, ਸਾਈਬਰ ਥਾਣਾ, ਆਰ.ਟੀ.ਆਈ ਸੈੱਲ, ਟਰੈਫਿਕ ਦਫਤਰ, ਵੋਮੈਨਸੈੱਲ, ਵੇਟਿੰਗ ਰੂਮ, ਪਾਰਕਿੰਗ ਅਤੇ ਪੁਲਿਸ ਵਿਭਾਗ ਦੀਆਂ ਵੱਖ-ਵੱਖ ਸ਼ਖਾਵਾਂ ਦੇ ਦਫਤਰ ਬਣਨਗੇ, ਜਿਸ ਨਾਲ ਬਟਾਲਾ ਵਾਸੀਆਂ ਨੂੰ ਇੱਕ ਛੱਤ ਹੇਠਾਂ ਪੁਲਿਸ ਵਿਭਾਗ ਨਾਲ ਸਾਰੀਆਂ ਸੇਵਾਵਾਂ ਮਿਲਣਗੀ। ਇਸ ਨਾਲ ਸ਼ਹਿਰ ਵਿੱਚ ਆਵਾਜਾਈ ਹੋਰ ਸੁਖਾਲੀ ਹੋਵੇਗੀ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਡੀ.ਆਈ.ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਪੁਲਿਸ ਵਿਭਾਗ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਅਤੇ 'ਜ਼ਿਲ੍ਹਾ ਪੁਲਿਸ ਦਫਤਰ ਬਟਾਲਾ' ਦੀ ਨਵੀਂ ਇਮਾਰਤ ਬਣਨ ਨਾਲ ਬਟਾਲਾ ਅਤੇ ਇਸ ਦੇ ਆਸ-ਪਾਸ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਇਸ ਮੌਕੇ ਐੱਸ.ਪੀ.(ਡੀ)ਸੰਦੀਪ ਵਡੇਰਾ, ਐੱਸ.ਪੀ (ਐੱਚ) ਖੁਸ਼ਬੀਰ ਕੌਰ, ਡੀ.ਐੱਸ.ਪੀ. ਤੇਜਿੰਦਰਪਾਲ ਸਿੰਘ ਗੋਰਾਇਆ, ਡੀ.ਐੱਸ.ਪੀ. (ਸਿਟੀ) ਸੁਖਇੰਦਰ ਸਿੰਘ ਕਾਹਲੋਂ, ਡੀ.ਐੱਸ.ਪੀ. ਗੁਰਮੀਤ ਸਿੰਘ, ਚੇਅਰਮੈਨ ਮਾਨਿਕ ਮਹਿਤਾ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ ਅਤੇ ਵੱਖ-ਵੱਖ ਸ਼ਖਸੀਅਤਾਂ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande