
ਚੰਡੀਗੜ੍ਹ, 30 ਅਪ੍ਰੈਲ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨਾਲੋਂ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜੋ ਹੁਣ ਆਮ ਤਾਪਮਾਨ ਤੋਂ ਕਰੀਬ 2.5 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਗਰਮੀ ਬਠਿੰਡਾ ਵਿੱਚ ਦਰਜ ਕੀਤੀ ਗਈ, ਜਿੱਥੇ ਤਾਪਮਾਨ 39.3 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਅੱਜ ਵੀਰਵਾਰ ਨੂੰ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਅਤੇ ਬਿਜਲੀ ਕੜਕਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਵਾਵਾਂ ਦੀ ਰਫ਼ਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ ਅਤੇ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਲੂ ਚੱਲਣ ਦੀ ਕੋਈ ਸੰਭਾਵਨਾ ਨਹੀਂ ਹੈ। 1 ਮਈ ਨੂੰ ਕਿਸੇ ਵੀ ਕਿਸਮ ਦਾ ਅਲਰਟ ਨਹੀਂ ਹੈ, ਜਦਕਿ 5 ਮਈ ਤੱਕ ਮੌਸਮ ਇਸੇ ਤਰ੍ਹਾਂ ਬਦਲਿਆ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਪਠਾਨਕੋਟ, ਹੋਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਖਾਸ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 13 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੋਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ.ਨਗਰ (ਮੋਹਾਲੀ) ਸ਼ਾਮਲ ਹਨ।
ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ, ਜਦਕਿ 9 ਜ਼ਿਲ੍ਹਿਆਂ ਵਿੱਚ ਇਹ 35 ਡਿਗਰੀ ਤੋਂ ਹੇਠਾਂ ਰਿਹਾ। ਅੰਮ੍ਰਿਤਸਰ ਵਿੱਚ 1.1 ਡਿਗਰੀ ਦੀ ਕਮੀ ਨਾਲ ਤਾਪਮਾਨ 33 ਡਿਗਰੀ, ਫਰੀਦਕੋਟ ਵਿੱਚ 1.7 ਡਿਗਰੀ ਘਟ ਕੇ 35.5 ਡਿਗਰੀ, ਫਾਜ਼ਿਲਕਾ ਵਿੱਚ 2.2 ਡਿਗਰੀ ਦੀ ਕਮੀ ਨਾਲ 35.4 ਡਿਗਰੀ, ਫਿਰੋਜ਼ਪੁਰ ਵਿੱਚ 0.6 ਡਿਗਰੀ ਘਟ ਕੇ 34.9 ਡਿਗਰੀ ਅਤੇ ਪਠਾਨਕੋਟ ਖੇਤੀਬਾੜੀ ਕੇਂਦਰ ਵਿੱਚ 4.1 ਡਿਗਰੀ ਦੀ ਵੱਡੀ ਕਮੀ ਨਾਲ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੀਂਹ ਦੀ ਗੱਲ ਕਰੀਏ ਤਾਂ ਪਠਾਨਕੋਟ ਵਿੱਚ ਸਭ ਤੋਂ ਵੱਧ 3.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਪਟਿਆਲਾ ਵਿੱਚ ਟ੍ਰੇਸ ਮਾਤਰਾ ਵਿੱਚ ਮੀਂਹ ਰਿਕਾਰਡ ਹੋਇਆ। ਹੋਰ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਨਹੀਂ ਕੀਤਾ ਗਿਆ।
ਮੌਸਮ ਵਿਗਿਆਨ ਕੇਂਦਰ ਮੁਤਾਬਕ ਇਸ ਸਮੇਂ ਪਾਕਿਸਤਾਨ ਅਤੇ ਕਸ਼ਮੀਰ ਦੇ ਇਲਾਕਿਆਂ ‘ਚ ਪੱਛਮੀ ਵਿਕਸ਼ੋਭ ਸਰਗਰਮ ਹੈ, ਜਿਸਦਾ ਪ੍ਰਭਾਵ ਪੰਜਾਬ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ‘ਤੇ ਘੱਟ ਦਬਾਅ ਅਤੇ ਚਕਰਵਾਤੀ ਪ੍ਰਣਾਲੀ ਬਣੀ ਹੋਈ ਹੈ, ਜਿਸ ਕਰਕੇ ਬੱਦਲ, ਤੇਜ਼ ਹਵਾਵਾਂ, ਗਰਜ-ਚਮਕ ਅਤੇ ਮੀਂਹ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਉੱਤਰੀ ਪੰਜਾਬ ਤੋਂ ਦੱਖਣ-ਪੱਛਮੀ ਰਾਜਸਥਾਨ ਤੱਕ ਇੱਕ ਟਰਫ ਲਾਈਨ ਵੀ ਬਣੀ ਹੋਈ ਹੈ, ਜੋ ਮੌਸਮੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਰਹੀ ਹੈ। 2 ਮਈ ਤੋਂ ਇੱਕ ਨਵਾਂ ਪੱਛਮੀ ਵਿਕਸ਼ੋਭ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਗਤੀਵਿਧੀ ਵਧ ਸਕਦੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH