ਲੁਧਿਆਣਾ ‘ਚ ਜਨਗਣਨਾ 2027 ਲਈ ਸਵੈ-ਗਣਨਾ ਅੱਜ ਤੋਂ ਸ਼ੁਰੂ
ਲੁਧਿਆਣਾ, 30 ਅਪ੍ਰੈਲ (ਹਿੰ.ਸ.)| ਜਨਗਣਨਾ 2027 ਦੇ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਸਵੈ-ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ, ਜੋ 14 ਮਈ 2026 ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਜ਼ਿਲ੍ਹਾ ਜਨਗਣਨਾ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇ
ਜਨਗਣਨਾ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ


ਲੁਧਿਆਣਾ, 30 ਅਪ੍ਰੈਲ (ਹਿੰ.ਸ.)| ਜਨਗਣਨਾ 2027 ਦੇ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਸਵੈ-ਗਣਨਾ ਦੀ ਪ੍ਰਕਿਰਿਆ 30 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ, ਜੋ 14 ਮਈ 2026 ਤੱਕ ਜਾਰੀ ਰਹੇਗੀ। ਇਹ ਜਾਣਕਾਰੀ ਜ਼ਿਲ੍ਹਾ ਜਨਗਣਨਾ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਨਵੀਂ ਡਿਜੀਟਲ ਪਹਿਲਕਦਮੀ ਨਾਗਰਿਕਾਂ ਨੂੰ ਆਪਣੇ ਘਰ ਬੈਠੇ ਹੀ ਮੋਬਾਈਲ ਨੰਬਰ ਅਤੇ ਓਟੀਪੀ ਦੀ ਮਦਦ ਨਾਲ ਅਧਿਕਾਰਤ ਪੋਰਟਲ se.census.gov.in ਰਾਹੀਂ ਆਪਣੇ ਘਰੇਲੂ ਜਨਗਣਨਾ ਵੇਰਵੇ ਆਨਲਾਈਨ ਜਮ੍ਹਾਂ ਕਰਵਾਉਣ ਦੀ ਸੁਵਿਧਾ ਦਿੰਦੀ ਹੈ।

ਨਾਗਰਿਕ ਪਹਿਲਾਂ ਪੋਰਟਲ ‘ਤੇ ਜਾ ਕੇ ਮੋਬਾਈਲ ਨੰਬਰ ਨਾਲ ਰਜਿਸਟਰ ਜਾਂ ਲੌਗਇਨ ਕਰਨਗੇ। ਓਟੀਪੀ ਰਾਹੀਂ ਤਸਦੀਕ ਕਰਨ ਤੋਂ ਬਾਅਦ ਘਰ ਅਤੇ ਪਰਿਵਾਰਕ ਜਾਣਕਾਰੀ ਭਰਨੀ ਹੋਵੇਗੀ। ਲੋੜ ਪੈਣ ‘ਤੇ ਨਕਸ਼ੇ ‘ਤੇ ਆਪਣੇ ਘਰ ਦੀ ਲੋਕੇਸ਼ਨ ਵੀ ਦਰਸਾਈ ਜਾ ਸਕਦੀ ਹੈ। ਫਾਰਮ ਜਮ੍ਹਾਂ ਕਰਨ ਉਪਰੰਤ ਇਕ ਐਸ.ਈ ਆਈ.ਡੀ ਜਨਰੇਟ ਹੋਵੇਗੀ, ਜਿਸਨੂੰ ਭਵਿੱਖ ਲਈ ਸੰਭਾਲ ਕੇ ਰੱਖਣਾ ਜਰੂਰੀ ਹੈ।

ਇਹ ਪ੍ਰਕਿਰਿਆ ਆਸਾਨ, ਤੇਜ਼ ਅਤੇ ਸਮਾਂ ਬਚਾਉਣ ਵਾਲੀ ਹੈ। ਘਰ ਬੈਠੇ ਡਿਜੀਟਲ ਤਰੀਕੇ ਨਾਲ ਵੇਰਵੇ ਭਰਨ ਨਾਲ ਡਾਟਾ ਦੀ ਸ਼ੁੱਧਤਾ ਵੀ ਵਧਦੀ ਹੈ ਕਿਉਂਕਿ ਜਾਣਕਾਰੀ ਸਿੱਧੀ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ। ਇਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਪ੍ਰਣਾਲੀ ਹੈ ਜੋ ਡਿਜੀਟਲ ਇੰਡੀਆ ਦੇ ਮਕਸਦ ਨੂੰ ਮਜ਼ਬੂਤ ਕਰਦੀ ਹੈ।

ਪੂਨਮ ਸਿੰਘ ਨੇ ਸਪੱਸ਼ਟ ਕੀਤਾ ਕਿ ਜਨਗਣਨਾ ਦੌਰਾਨ ਦਿੱਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਕਾਨੂੰਨ ਦੁਆਰਾ ਸੁਰੱਖਿਅਤ ਹੈ। ਇਸ ਡਾਟਾ ਦੀ ਵਰਤੋਂ ਸਿਰਫ਼ ਯੋਜਨਾਬੰਦੀ, ਨੀਤੀ-ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਰਿਵਾਰ ਆਨਲਾਈਨ ਸਵੈ-ਗਣਨਾ ਪੂਰੀ ਨਹੀਂ ਕਰਦਾ, ਤਾਂ ਅਗਲੇ ਪੜਾਅ ਦੌਰਾਨ ਸਰਕਾਰੀ ਗਣਨਾਕਾਰ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਵੇਰਵੇ ਸਮੇਂ ਸਿਰ ਭਰਨ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਹੂਲਤ ਬਾਰੇ ਆਪਣੇ ਪਰਿਵਾਰ, ਦੋਸਤਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ ਫੈਲਾਈ ਜਾਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande