
ਡੇਰਾਬੱਸੀ, 09 ਅਪ੍ਰੈਲ (ਹਿੰ.ਸ.)| ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਡੇਰਾਬੱਸੀ ਦੇ ਮੁਬਾਰਿਕਪੁਰ ਤੋਂ ਸ਼ਰਧਾਲੂਆਂ ਦੀ 18ਵੀਂ ਬੱਸ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ। ਇਸ ਮੌਕੇ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ ਅਤੇ ਸ਼ਰਧਾਲੂਆਂ ਵਿੱਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਜ਼ੁਰਗਾਂ ਲਈ ਇੱਕ ਇਤਿਹਾਸਕ ਅਤੇ ਲੋਕ-ਹਿਤੈਸ਼ੀ ਪਹਿਲ ਹੈ। ਇਸ ਯੋਜਨਾ ਰਾਹੀਂ ਉਹਨਾਂ ਲੋਕਾਂ ਦਾ ਸੁਪਨਾ ਸਾਕਾਰ ਹੋ ਰਿਹਾ ਹੈ ਜੋ ਆਰਥਿਕ ਜਾਂ ਹੋਰ ਕਾਰਨਾਂ ਕਰਕੇ ਆਪਣੇ ਜੀਵਨ ਵਿੱਚ ਤੀਰਥ ਯਾਤਰਾ ਨਹੀਂ ਕਰ ਸਕਦੇ ਸਨ।
ਉਨ੍ਹਾਂ ਕਿਹਾ ਕਿ ਇਹ ਯੋਜਨਾ ਸਿਰਫ ਯਾਤਰਾ ਤੱਕ ਸੀਮਿਤ ਨਹੀਂ, ਸਗੋਂ ਇਹ ਬਜ਼ੁਰਗਾਂ ਦੇ ਮਨਾਂ ਵਿੱਚ ਆਤਮਿਕ ਸ਼ਾਂਤੀ, ਸੰਤੁਸ਼ਟੀ ਅਤੇ ਨਵੀਂ ਉਮੀਦ ਪੈਦਾ ਕਰਦੀ ਹੈ। ਉਨ੍ਹਾਂ ਨੇ ਕਿਹਾ, “ਸਾਡੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਮੁਸਕਾਨ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਇਹ ਪਲ ਸਾਡੇ ਲਈ ਬੇਹੱਦ ਕੀਮਤੀ ਹੁੰਦੇ ਹਨ। ਵਿਧਾਇਕ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਤੋਂ ਲਗਾਤਾਰ ਸ਼ਰਧਾਲੂਆਂ ਨੂੰ ਇਸ ਯੋਜਨਾ ਦਾ ਲਾਭ ਦਿਵਾਇਆ ਜਾ ਰਿਹਾ ਹੈ ਅਤੇ ਅੱਗੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਿਆ ਜਾਵੇਗਾ, ਤਾਂ ਜੋ ਕੋਈ ਵੀ ਇੱਛੁਕ ਵਿਅਕਤੀ ਇਸ ਮੌਕੇ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਜਨਾ ਉਨ੍ਹਾਂ ਲਈ ਬੇਮਿਸਾਲ ਤੋਹਫਾ ਹੈ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਹੁਣ ਉਹਨਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਉਹਨਾਂ ਦੇ ਮਨ ਨੂੰ ਅਤੁੱਟ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ, ਸਥਾਨਕ ਆਗੂ ਅਤੇ ਵਰਕਰ ਵੀ ਮੌਜੂਦ ਰਹੇ, ਜਿਨ੍ਹਾਂ ਨੇ ਯਾਤਰੀਆਂ ਨੂੰ ਫੁੱਲ ਮਾਲਾਵਾਂ ਪਾ ਕੇ ਅਤੇ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ। ਪੂਰੇ ਮਾਹੌਲ ਵਿੱਚ ਖੁਸ਼ੀ ਅਤੇ ਆਤਮਿਕ ਉਤਸ਼ਾਹ ਦੀ ਲਹਿਰ ਵੇਖਣ ਨੂੰ ਮਿਲੀ।
ਹਿੰਦੂਸਥਾਨ ਸਮਾਚਾਰ / GURSHARAN SINGH