ਮਾਨਸਾ ਪੁਲਿਸ ਨੇ ਏ.ਟੀ.ਐਮ. ਚੋਰੀ ਗਿਰੋਹ ਦੇ 5 ਮੈਂਬਰ ਕੀਤੇ ਕਾਬੂ, ਲੱਖਾਂ ਰੁਪਏ ਬਰਾਮਦ
ਚੋਰੀ ਕੀਤੀ ਏਟੀਐਮ ਮਸ਼ੀਨ ਅਤੇ 20.60 ਲੱਖ ਰੁਪਏ ਕੀਤੇ ਬਰਾਮਦ, ਹੋਰ ਖੁਲਾਸਿਆਂ ਦੀ ਸੰਭਾਵਨਾ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਮਾਨਸਾ।


ਮਾਨਸਾ, 09 ਅਪ੍ਰੈਲ (ਹਿੰ.ਸ.)| ਮਾਨਸਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਏਟੀਐਮ ਚੋਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇਹ ਕਾਰਵਾਈ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਹੈ।

ਐੱਸਐੱਸਪੀ ਨੇ ਦੱਸਿਆ ਕਿ 31 ਮਾਰਚ ਦੀ ਦਰਮਿਆਨੀ ਰਾਤ ਨੂੰ ਸਰਦੂਲਗੜ੍ਹ ਰੋਡ ‘ਤੇ ਝੁਨੀਰ ਵਿਖੇ ਐੱਸਬੀਆਈ ਬੈਂਕ ਦੀ ਏਟੀਐਮ ਮਸ਼ੀਨ ਦਾ ਤਾਲਾ ਤੋੜ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਮਸ਼ੀਨ ਚੋਰੀ ਕਰ ਲਈ ਗਈ ਸੀ। ਬੈਂਕ ਦੇ ਰਿਕਾਰਡ ਅਨੁਸਾਰ ਇਸ ਵਿੱਚ ਕਰੀਬ 33.28 ਲੱਖ ਰੁਪਏ ਮੌਜੂਦ ਸਨ। ਇਸ ਮਾਮਲੇ ਸਬੰਧੀ 1 ਅਪ੍ਰੈਲ 2026 ਨੂੰ ਥਾਣਾ ਝੁਨੀਰ ਵਿੱਚ ਮੁਕੱਦਮਾ ਦਰਜ ਕੀਤਾ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਦੀ ਅਗਵਾਈ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਕੀਤੀ। ਟੀਮ ਨੇ ਤਕਨੀਕੀ ਤਰੀਕਿਆਂ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਦੋਸ਼ੀਆਂ ਨੂੰ ਟਰੇਸ ਕੀਤਾ। ਜਾਂਚ ਦੌਰਾਨ ਦਲਜੀਤ ਸਿੰਘ, ਮਨਪ੍ਰੀਤ ਸਿੰਘ ਉਰਫ ਕਾਲਾ, ਭੁਪਿੰਦਰ ਸਿੰਘ ਉਰਫ ਭਿੰਦਾ, ਗੁਰਭੇਜ ਸਿੰਘ ਉਰਫ ਭੇਜਾ ਅਤੇ ਦੀਪਕ ਪੰਡਤ ਨੂੰ ਨਾਮਜ਼ਦ ਕੀਤਾ ਗਿਆ।

7 ਅਪ੍ਰੈਲ ਨੂੰ ਨਾਕਾਬੰਦੀ ਦੌਰਾਨ ਪੁਲਿਸ ਨੇ ਦੋਸ਼ੀਆਂ ਨੂੰ ਜਟਾਣਾ ਕੈਂਚੀਆਂ ਨੇੜੇ ਇੱਕ XUV-500 ਗੱਡੀ ਸਮੇਤ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਡੂੰਘੀ ਪੁੱਛਗਿੱਛ ਕੀਤੀ, ਜਿਸ ਦੌਰਾਨ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਭੁਪਿੰਦਰ ਸਿੰਘ ਦੇ ਘਰੋਂ 10.60 ਲੱਖ ਰੁਪਏ ਅਤੇ ਦਲਜੀਤ ਸਿੰਘ ਦੇ ਘਰੋਂ 10 ਲੱਖ ਰੁਪਏ ਬਰਾਮਦ ਕੀਤੇ। ਕੁੱਲ ਮਿਲਾਕੇ 20.60 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ।

ਇਸ ਤੋਂ ਇਲਾਵਾ 9 ਅਪ੍ਰੈਲ ਨੂੰ ਦੋਸ਼ੀਆਂ ਦੀ ਨਿਸ਼ਾਨਦੇਹੀ ‘ਤੇ ਭਾਖੜਾ ਨਹਿਰ ਦੇ ਨੇੜੇ ਤੋਂ ਚੋਰੀ ਕੀਤੀ ਏਟੀਐਮ ਮਸ਼ੀਨ ਦਾ ਇਕ ਹਿੱਸਾ ਵੀ ਬਰਾਮਦ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਗਿਰੋਹ ਨਾਲ ਜੁੜੀਆਂ ਹੋਰ ਚੋਰੀਆਂ ਦੇ ਮਾਮਲੇ ਵੀ ਸਾਹਮਣੇ ਆ ਸਕਦੇ ਹਨ।

ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਗਿਰੋਹ ਦੇ ਹੋਰ ਸਾਥੀਆਂ ਅਤੇ ਸੰਭਾਵਿਤ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਕਾਰਵਾਈ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande