
ਬਰਨਾਲਾ, 09 ਅਪ੍ਰੈਲ (ਹਿੰ.ਸ.)। ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੂਸ਼ਮਾਨ ਅਰੋਗਿਆ ਕੇਂਦਰ, ਕਰਮਗੜ੍ਹ ਦੀ ਟੀਮ ਵੱਲੋਂ ਵਿਸ਼ਵ ਸਿਹਤ ਦਿਵਸ ਦੇ ਮੌਕੇ 'ਤੇ ਪਿੰਡ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਹਰ ਸਾਲ ਅਪ੍ਰੈਲ ਮਹੀਨੇ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ “(ਸਿਹਤ ਲਈ ਇਕੱਠੇ — ਵਿਗਿਆਨ ਨਾਲ ਖੜ੍ਹੇ ਹੋਵੋ) ਰੱਖਿਆ ਗਿਆ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਵਿਗਿਆਨਕ ਤਰੀਕਿਆਂ ਅਤੇ ਸਹੀ ਜਾਣਕਾਰੀ ਦੇ ਆਧਾਰ ‘ਤੇ ਸਿਹਤ ਸੰਬੰਧੀ ਫੈਸਲੇ ਲੈਣ ਲਈ ਪ੍ਰੇਰਿਤ ਕਰਨਾ ਹੈ।
ਸੀ.ਐੱਚ.ਓ ਕਿਰਨਦੀਪ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ ਪਿੰਡ ਕਰਮਗੜ੍ਹ ਦੀ ਸੱਥ ਵਿੱਚ ਬੈਠੇ ਬਜ਼ੁਰਗਾਂ ਨੂੰ ਤੰਦਰੁਸਤ ਰਹਿਣ ਲਈ ਵਿਸ਼ੇਸ਼ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਮੁੱਖ ਤੌਰ 'ਤੇ ਸਮੇਂ-ਸਮੇਂ 'ਤੇ ਬੀ.ਪੀ. ਅਤੇ ਸ਼ੂਗਰ ਆਦਿ ਦੀ ਡਾਕਟਰੀ ਜਾਂਚ ਕਰਵਾਉਣਾ, ਆਪਣੀਆਂ ਦਵਾਈਆਂ ਦਾ ਸੇਵਨ ਬਿਨਾਂ ਨਾਗਾ ਅਤੇ ਸਮੇਂ ਸਿਰ ਕਰਨਾ, ਰੋਜ਼ਾਨਾ 7 ਤੋਂ 8 ਘੰਟਿਆਂ ਦੀ ਭਰਪੂਰ ਨੀਂਦ ਲੈਣਾ, ਹਲਕਾ ਅਤੇ ਪੌਸ਼ਟਿਕ ਭੋਜਨ ਖਾਣਾ, ਰੋਜ਼ਾਨਾ ਹਲਕੀ ਕਸਰਤ ਅਤੇ ਸੈਰ ਕਰਨਾ ਗੱਲਾਂ 'ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸੀ.ਐੱਚ.ਓ ਕਿਰਨਦੀਪ ਕੌਰ, ਏ.ਐੱਨ.ਐੱਮ ਰਜਨੀ ਰਾਣੀ, ਆਸ਼ਾ ਫਸੀਲੀਟੇਟਰ ਹਰਪਾਲ ਕੌਰ, ਅਤੇ ਆਸ਼ਾ ਵਰਕਰ ਦਵਿੰਦਰ ਕੌਰ, ਕਰਮਜੀਤ ਕੌਰ ਅਤੇ ਪ੍ਰਿਤਪਾਲ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ