
ਕੋਟਕਪੂਰਾ, 09 ਅਪ੍ਰੈਲ (ਹਿੰ.ਸ.)। ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕੋਠੇ ਵੜਿੰਗ ਵਿਖੇ 143 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਹ ਪਹਿਲ ਹੈ ਕਿ ਜਿਹੜਾ ਮਿਹਨਤ ਕਸ਼ ਬੰਦਾ ਹੈ ਉਸਨੂੰ ਵੀ ਉਹੀ ਸਹੂਲਤਾਂ ਮਿਲਣ ਜਿਹੜੀਆਂ ਅਮੀਰਾਂ ਨੂੰ ਮਿਲਦੀਆਂ ਹਨ। ਉਸੇ ਲੜੀ ਦੇ ਤਹਿਤ ਅੱਜ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਹ 6 ਮਹੀਨੇ ਵਿੱਚ ਪੂਰਾ ਹੋਵੇਗਾ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਾ ਤਾਂ ਡਾਕਟਰ ਭਰਤੀ ਕੀਤੇ ਅਤੇ ਨਾ ਹੀ ਨਵੇਂ ਹਸਪਤਾਲ ਬਣਾਏ। ਜਿਹੜੇ ਪੁਰਾਣੇ ਹਸਪਤਾਲ ਸਨ, ਉਹ ਵੀ ਖਰਾਬ ਹੋ ਗਏ ਸਨ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਪੁਰਾਣੇ ਹਸਪਤਾਲ ਵੀ ਠੀਕ ਕਰਾਏ ਅਤੇ ਆਮ ਆਦਮੀ ਕਲੀਨਿਕ ਵੀ ਬਣਾਏ। ਹੁਣ ਜਿਹੜੇ ਅਰਬਨ ਪ੍ਰਾਈਮਰੀ ਅਰਬਨ ਹੈਲਥ ਸੈਂਟਰ ਨੇ ਉਨ੍ਹਾਂ ਦੇ ਵੀ ਉਦਘਾਟਨ ਸ਼ੁਰੂ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਸੈਂਟਰ ਦੇ ਬਣਨ ਨਾਲ ਇਲਾਕੇ ਦੇ ਵਸਨੀਕਾਂ ਨੂੰ ਮੁੱਢਲੀ ਸਿਹਤ ਸੇਵਾਵਾਂ, ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਇੱਕ ਹੀ ਥਾਂ ਉਪਲਬਧ ਹੋਣਗੀਆਂ, ਜਿਸ ਨਾਲ ਉਨ੍ਹਾਂ ਨੂੰ ਦੂਰ-ਦਰਾਜ ਹਸਪਤਾਲਾਂ ਵਿੱਚ ਜਾਣ ਦੀ ਲੋੜ ਘੱਟ ਪਵੇਗੀ। ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਮਾਣ ਕਾਰਜ ਨੂੰ ਸਮੇਂ ਸਿਰ ਅਤੇ ਮਿਆਰੀ ਤਰੀਕੇ ਨਾਲ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ।
ਸਪੀਕਰ ਸੰਧਵਾਂ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਸੁਧਾਰ ਲਿਆਉਣਾ ਸਰਕਾਰ ਦੀ ਪਹਿਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਜਿਹੇ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਤਾਂ ਜੋ ਹਰ ਨਾਗਰਿਕ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ। ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਮਨਪ੍ਰੀਤ ਸਿੰਘ ਧਾਲੀਵਾਲ, ਗੈਰੀ ਵੜਿੰਗ, ਸੁਨੀਲ ਕੁਮਾਰ ਐਸ.ਡੀ.ਓ. ਪੀ.ਡਬਲਿਊ.ਡੀ., ਸਰਪੰਚ ਖਾਰਾ ਜਗਤਾਰ ਸਿੰਘ ਜੱਗਾ, ਸਰਪੰਚ ਗੁਰਮੇਲ ਸਿੰਘ ਬਾਹਮਣ ਵਾਲਾ, ਕੁਲਦੀਪ ਸਿੰਘ ਸਰਪੰਚ ਮੌੜ, ਸਰਪੰਚ ਸੁੱਖੀ ਬਾਜੀਗਰ ਵਸਤੀ, ਜਸ਼ਨ ਵੜਿੰਗ ਅਤੇ ਰਾਵੇਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ