
ਸ੍ਰੀ ਮੁਕਤਸਰ ਸਾਹਿਬ, 09 ਅਪ੍ਰੈਲ (ਹਿੰ.ਸ.)। ਜਨਗਣਨਾ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਸਬੰਧੀ ਉਪ-ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਡੀ.ਸੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਮਕਾਨ ਸੂਚੀਕਰਣ ਅਤੇ ਮਕਾਨਾਂ ਦੀ ਗਿਣਤੀ ਸਬੰਧੀ ਫੀਲਡ ਟ੍ਰੇਨਰਾਂ ਦੀ 3 ਰੋਜ਼ਾ ਟ੍ਰੇਨਿੰਗ ਅੱਜ ਸਮਾਪਤ ਹੋ ਗਈ।
ਟ੍ਰੇਨਿੰਗ ਦੌਰਾਨ ਉਪ-ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਵੱਲੋਂ ਸਾਰੇ ਟ੍ਰੇਨਰਾਂ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ 2027 ਦੇ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਅਤੇ ਜਿੰਮੇਵਾਰੀ ਪੂਰੀ ਨਿਸ਼ਠਾ ਅਤੇ ਸਮੇਂ ਸਿਰ ਨਿਭਾਈਆਂ ਜਾਣ।
ਜਨਗਨਣਾ ਦੇ ਸਫਲ ਆਯੋਜਨ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਹਿਲੇ ਫੇਜ ਤਹਿਤ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ ਤਹਿਤ ਮਾਸਟਰ ਟ੍ਰੇਨਰ ਹਰਪ੍ਰੀਤ ਸਿੰਘ ਅਤੇ ਡਾਇਰੈਕਟਰ ਸੈਂਸਜ ਓਪਰੇਸ਼ਨ ਦੇ ਨੁਮਾਇੰਦੇ ਵਿਨੋਦ ਕੁਮਾਰ ਵੱਲੋਂ ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 30 ਅਪ੍ਰੈਲ ਤੋਂ 14 ਮਈ 2026 ਤੱਕ 15 ਦਿਨ ਲਈ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕੇਗਾ। ਇਸ ਮੌਕੇ ਅੰਕੜਾ ਵਿਭਾਗ ਦੇ ਡਿਪਟੀ ਈ.ਐਸ.ਏ ਰੁਪਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ