
ਤਰਨ ਤਾਰਨ, 01 ਮਈ (ਹਿੰ.ਸ.)। ਮੁੱਖ ਖੇਤੀਬਾੜੀ ਅਫ਼ਸਰ ਤਰਨ ਤਰਨ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੱਟੀ ਦੁਆਰਾ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ, ਮਿੱਟੀ ਪਰਖ ਅਤੇ ਵੱਖ-ਵੱਖ ਸਕੀਮਾਂ ਤਹਿਤ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਜਾਗਰੂਕ ਕਰਨ ਹਿੱਤ ਕਿਸਾਨ ਸਿਖਲਾਈ ਕੈਂਪ ਅਤੇ ਮਿੱਟੀ ਦੇ ਨਮੂਨੇ ਸਬੰਧੀ ਖੇਤ ਪ੍ਰਦਰਸ਼ਨੀ ਦਾ ਆਯੋਜਨ ਪਿੰਡ ਮਾਣਕਪੁਰਾ ਵਿਖੇ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਪੱਟੀ ਡਾ. ਭੁਪਿੰਦਰ ਸਿੰਘ, ਡਾ. ਹਰਮਨਦੀਪ ਕੌਰ ਏ.ਡੀ.ਓ, ਡਾ. ਪਰਮਿੰਦਰ ਕੌਰ ਏ.ਡੀ.ਓ, ਕੇ.ਵੀ.ਕੇ ਬੂਹ ਦੇ ਮਾਹਿਰ ਡਾ. ਨਵਜੋਤ ਸਿੰਘ ਬਰਾੜ , ਡਾ. ਪ੍ਰਭਜਿੰਦਰ ਸਿੰਘ ਮਾਨ ਅਤੇ ਭਾਰਤ ਮੱਕੀ ਖੋਜ ਇੰਸਟੀਚਿਊਟ, ਲੁਧਿਆਣਾ ਦੇ ਵਿਗਿਆਨੀ ਡਾ. ਪ੍ਰਦੀਪ ਕੁਮਾਰ, ਡਾ. ਰੋਮਿਨ ਸ਼ਰਮਾ, ਡਾ. ਪ੍ਰਕਾਸ਼ ਨੇ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ, ਮੱਕੀ ਦੀ ਸੁਚੱਜੀ ਕਾਸ਼ਤ, ਪਸ਼ੂ ਪਾਲਣ ਅਤੇ ਮਿੱਟੀ ਪਰਖ ਦੀ ਮਹੱਤਤਾ ਬਾਰੇ ਤਕਨੀਕੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ ਨੇ ਕਿਹਾ ਕਿ ਗੈਰ ਕੁਦਰਤੀ ਢੰਗਾਂ ਨਾਲ ਕੀਤੀ ਖੇਤੀ ਕਾਰਨ ਮਿੱਟੀ ਦਾ ਉਪਜਾਊਪਣ ਘੱਟ ਜਾਂਦਾ ਹੈ, ਜਿਸ ਨਾਲ ਖਾਦਾਂ ਦੀ ਖ਼ਪਤ ਵੱਧ ਜਾਂਦੀ ਹੈ। ਇਸ ਵਰਤਾਰੇ ਨੂੰ ਰੋਕਣ ਲਈ ਸਾਨੂੰ ਅਜਿਹੇ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ, ਜਿਸ ਨਾਲ ਕੁਦਰਤੀ ਸੋਮੇ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ-ਸੁਵੰਨਤਾ ਦੀ ਸਲਾਮਤੀ ਬਣੀ ਰਹੇ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਸੂਝਵਾਨ ਕਿਸਾਨ ਮਨਦੀਪ ਸਿੰਘ ਨੇ ਦੱਸਿਆ ਕਿ ਰਵਾਇਤੀ ਕੱਦੂ ਤਕਨੀਕ ਦੇ ਮੁਕਾਬਲੇ ਸਿੱਧੀ ਬਿਜਾਈ ਵਧੀਆ ਅਤੇ ਸੌਖੀ ਤਕਨੀਕ ਹੈ। ਇਸ ਤਕਨੀਕ ਨਾਲ ਮਜ਼ਦੂਰੀ ਦੀ ਬੱਚਤ ਤੋਂ ਇਲਾਵਾ ਫ਼ਸਲ ਨੂੰ ਘੱਟ ਬਿਮਾਰੀ ਲੱਗਦੀ ਹੈ।
ਇਸ ਦੌਰਾਨ ਮਾਹਿਰਾਂ ਨੇ ਸਿੱਧੀ ਬਿਜਾਈ ਤੋਂ ਚੰਗੇ ਨਤੀਜੇ ਲੈਣ ਲਈ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਜਾਣਕਾਰੀ ਦਿੱਤੀ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਜੂਨ ਦੇ ਪਹਿਲੇ ਪੰਦਰਵਾੜੇ ਤੱਕ ਢੁੱਕਵਾਂ ਸਮਾਂ ਹੈ। ਬੀਜ ਨੂੰ ਪੋਟਾਸ਼ੀਅਮ ਨਾਈਟ੍ਰੇਟ ਅਤੇ ਸਪਰਿੰਟ ਦਵਾਈ ਨਾਲ ਸੋਧ ਲੈਣ ਉਪਰੰਤ ਬੀਜ ਅਤੇ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਤਰ ਵੱਤਰ ਖੇਤਾਂ ਵਿੱਚ ਬਿਜਾਈ ਸਮੇਂ ਅਤੇ ਸੁੱਕੇ ਖੇਤਾਂ ਵਿੱਚ ਪਾਣੀ ਲਾਉਣ ਤੋਂ ਬਾਅਦ ਪੈਂਡੀਮੈਥਾਲੀਨ 30 ਈਸੀ ਜਾਂ ਪੇਪੇ 25 ਐਸਈ ਦਾ ਛਿੜਕਾਅ ਕਰਨ ਨਾਲ ਫ਼ਸਲ ਮੁੱਢਲੇ ਦਿਨਾਂ ਵਿੱਚ ਨਦੀਨ ਰਹਿਤ ਰਹਿੰਦੀ ਹੈ। ਖੜੀ ਫ਼ਸਲ ਵਿੱਚ ਜੇ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਤਾਂ ਨਦੀਨ ਨਾਸ਼ਕਾਂ ਦੀ ਚੋਣ ਖੇਤ ਵਿੱਚ ਉੱਗੇ ਨਦੀਨਾਂ ਦੀ ਕਿਸਮ ਦੇ ਆਧਾਰ 'ਤੇ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ ਅਤੇ ਛਿੜਕਾਅ ਸਮੇਂ ਨਦੀਨ ਦੋ ਤਿੰਨ ਪੱਤਿਆਂ ਦੀ ਅਵਸਥਾ ਤੋਂ ਵੱਡੇ ਨਾ ਹੋਣ।
ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ਜੇਕਰ ਕੋਈ ਕਿਸਾਨ ਝੋਨੇ ਦੇ ਬਜਾਏ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਦਾ ਹੈ ਤਾਂ ਪ੍ਰਤੀ ਏਕੜ 7 ਹਜ਼ਾਰ ਰੁਪਏ ਅਤੇ ਜੇਕਰ ਕੋਈ ਕਿਸਾਨ ਰਵਾਇਤੀ ਤਕਨੀਕ ਦੀ ਬਜਾਏ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਕਰੇਗਾ ਤਾਂ ਉਸ ਨੂੰ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਮਿਲੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ