
ਲੁਧਿਆਣਾ, 01 ਮਈ (ਹਿੰ.ਸ.)| ਲੁਧਿਆਣਾ ਵਿੱਚ ਇਕ ਸੜਕ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਰਵਿੰਦਰ ਰਾਜਪੂਤ (32) ਵਜੋਂ ਹੋਈ ਹੈ, ਜੋ ਆਪਣੇ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਸਾਥੀਆਂ ਨਾਲ ਕਾਰ ਵਿੱਚ ਜਾ ਰਿਹਾ ਸੀ। ਜਾਣਕਾਰੀ ਮੁਤਾਬਕ, ਇਹ ਹਾਦਸਾ ਚੰਡੀਗੜ੍ਹ ਰੋਡ ‘ਤੇ ਵਾਪਰਿਆ, ਜਦੋਂ ਇੱਕ ਅਣਪਛਾਤੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 30 ਅਪ੍ਰੈਲ ਨੂੰ ਦੇਰ ਰਾਤ ਰਵਿੰਦਰ ਰਾਜਪੂਤ ਦੀ ਮੌਤ ਹੋ ਗਈ, ਜਦਕਿ ਦੂਜੇ ਜਖ਼ਮੀ ਆਦਰਸ਼ ਯਾਦਵ ਦਾ ਇਲਾਜ ਜਾਰੀ ਹੈ।
ਸ਼ਿਕਾਇਤਕਰਤਾ ਜਿਤੇਂਦਰ ਸਿੰਘ, ਜੋ ਕਿ ਗਵਾਲਿਯਰ (ਮੱਧ ਪ੍ਰਦੇਸ਼) ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਛੋਟਾ ਭਰਾ ਰਵਿੰਦਰ 29 ਅਪ੍ਰੈਲ 2026 ਨੂੰ ਆਪਣੇ ਸਾਥੀ ਮਨੋਜ ਸ਼੍ਰੀਵਾਸਤਵ ਦੇ ਪੁੱਤਰ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਵੀਰ ਪੈਲੇਸ, ਚੰਡੀਗੜ੍ਹ ਰੋਡ ਲੁਧਿਆਣਾ ਗਿਆ ਸੀ।
ਵਾਪਸੀ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਹੀਰੋ ਸਾਈਕਲ ਫੈਕਟਰੀ ਦੇ ਸਾਹਮਣੇ ਦਿੱਲੀ ਰੋਡ ਪੁਲ ‘ਤੇ ਪਹੁੰਚੀ, ਤਾਂ ਇੱਕ ਤੇਜ਼ਰਫਤਾਰ ਨਾਲ ਚਲਾਏ ਜਾ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਹਾਦਸੇ ਵਿੱਚ ਰਵਿੰਦਰ ਰਾਜਪੂਤ ਅਤੇ ਆਦਰਸ਼ ਯਾਦਵ ਦੋਵੇਂ ਗੰਭੀਰ ਜਖ਼ਮੀ ਹੋ ਗਏ ਸਨ। ਰਵਿੰਦਰ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ ਅਤੇ ਉਸਦਾ ਇੱਕ ਛੋਟਾ ਬੱਚਾ ਵੀ ਹੈ, ਜਿਸ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਰਵਿੰਦਰ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਥਾਣਾ ਡਿਵਿਜ਼ਨ ਨੰਬਰ-6 ਦੀ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀਆਂ ਧਾਰਾਵਾਂ 281, 125A, 324(4) ਅਤੇ 106(1) ਹੇਠ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦੋਸ਼ੀ ਦੀ ਭਾਲ ਜਾਰੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH