ਲੁਧਿਆਣਾ ਚ ਪਸ਼ੂ ਚਾਰਾ ਵਪਾਰੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ
ਲੁਧਿਆਣਾ, 10 ਮਈ (ਹਿੰ.ਸ.)| ਲੁਧਿਆਣਾ ਦੇ ਪਿੰਡ ਏਤਿਆਣਾ ਵਿੱਚ 82 ਸਾਲਾ ਪਸ਼ੂ ਚਾਰਾ ਵਪਾਰੀ ਕੁੰਦਨ ਲਾਲ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਤੜਕੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਸ
ਲੁਧਿਆਣਾ ਚ ਪਸ਼ੂ ਚਾਰਾ ਵਪਾਰੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀ


ਲੁਧਿਆਣਾ, 10 ਮਈ (ਹਿੰ.ਸ.)| ਲੁਧਿਆਣਾ ਦੇ ਪਿੰਡ ਏਤਿਆਣਾ ਵਿੱਚ 82 ਸਾਲਾ ਪਸ਼ੂ ਚਾਰਾ ਵਪਾਰੀ ਕੁੰਦਨ ਲਾਲ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਤੜਕੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਸੁਧਾਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਹੈ।

ਪੁਲਿਸ ਨੂੰ ਮ੍ਰਿਤਕ ਦੀ ਜੇਬ ਵਿਚੋਂ ਦੋ ਪੰਨਿਆਂ ਦਾ ਇੱਕ ਸੂਸਾਈਡ ਨੋਟ ਵੀ ਮਿਲਿਆ ਹੈ। ਨੋਟ ਵਿੱਚ ਕੁੰਦਨ ਲਾਲ ਨੇ ਆਪਣੀ ਮੌਤ ਲਈ ਉਹਨਾਂ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਕੋਲੋਂ ਉਨ੍ਹਾਂ ਨੂੰ ਕਰੀਬ 35 ਲੱਖ ਰੁਪਏ ਲੈਣੇ ਸਨ। ਉਨ੍ਹਾਂ ਲਿਖਿਆ ਕਿ ਕਈ ਦੁਕਾਨਦਾਰ ਅਤੇ ਵਪਾਰੀ ਲੰਬੇ ਸਮੇਂ ਤੋਂ ਪੈਸੇ ਵਾਪਸ ਨਹੀਂ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਸਨ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਰਹਿੰਦੇ ਸਨ।

ਮ੍ਰਿਤਕ ਦੇ ਪੁੱਤਰ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਮੂਲ ਪਿੰਡ ਰੱਤੋਵਾਲ ਹੈ, ਪਰ ਪਰਿਵਾਰ ਪਿਛਲੇ 60-62 ਸਾਲਾਂ ਤੋਂ ਪਿੰਡ ਏਤਿਆਣਾ ਵਿੱਚ ਰਹਿ ਰਿਹਾ ਹੈ। ਪਰਿਵਾਰ ਲੰਬੇ ਸਮੇਂ ਤੋਂ ਪਸ਼ੂ ਚਾਰੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਦੇ ਕਈ ਦੁਕਾਨਦਾਰਾਂ ਅਤੇ ਵਪਾਰੀਆਂ ਕੋਲ ਉਨ੍ਹਾਂ ਦੇ ਪਿਤਾ ਦੇ ਲੱਖਾਂ ਰੁਪਏ ਫਸੇ ਹੋਏ ਸਨ, ਪਰ ਕੋਈ ਵੀ ਰਕਮ ਵਾਪਸ ਨਹੀਂ ਕਰ ਰਿਹਾ ਸੀ। ਇਸ ਕਾਰਨ ਉਨ੍ਹਾਂ ਦੇ ਪਿਤਾ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੇ ਸਨ। ਧਰਮਿੰਦਰ ਕੁਮਾਰ ਅਨੁਸਾਰ ਸ਼ਨੀਵਾਰ ਰਾਤ ਜਦੋਂ ਉਹ ਜਗਰਾਉਂ ਗਏ ਹੋਏ ਸਨ, ਉਸ ਦੌਰਾਨ ਘਰ ਵਿੱਚ ਉਨ੍ਹਾਂ ਦੇ ਪਿਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਾਲਤ ਖਰਾਬ ਹੋਣ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਐਤਵਾਰ ਤੜਕੇ ਉਨ੍ਹਾਂ ਦੀ ਮੌਤ ਹੋ ਗਈ।

ਡੀ.ਐਸ.ਪੀ. ਦਾਖਾ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਾਮਦ ਹੋਏ ਸੂਸਾਈਡ ਨੋਟ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਸਾਈਡ ਨੋਟ ਵਿੱਚ ਉਹਨਾਂ ਲੋਕਾਂ ਦੇ ਨਾਮ ਵੀ ਦਰਜ ਕੀਤੇ ਗਏ ਹਨ, ਜਿਨ੍ਹਾਂ ਕੋਲੋਂ ਰਕਮ ਲੈਣੀ ਸੀ। ਇਸ ਤੋਂ ਇਲਾਵਾ ਕੁੰਦਨ ਲਾਲ ਨੇ ਇਹ ਵੀ ਲਿਖਿਆ ਕਿ ਉਨ੍ਹਾਂ ’ਤੇ ਕਰੀਬ 6 ਲੱਖ ਰੁਪਏ ਦਾ ਕਰਜ਼ਾ ਹੈ, ਜੋ ਵਸੂਲੀ ਕਰਕੇ ਚੁਕਾਇਆ ਜਾਵੇ। ਨਾਲ ਹੀ ਉਨ੍ਹਾਂ ਆਪਣੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਤੰਗ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande