

ਅੰਮ੍ਰਿਤਸਰ, 10 ਮਈ (ਹਿੰ.ਸ.)| ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰੀਤੀ ਜਿੰਟਾ ਨੇ ਸ਼ਨੀਵਾਰ ਦੇਰ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪ੍ਰੀਤੀ ਜਿੰਟਾ ਨੂੰ ਸ੍ਰੀ ਦਰਬਾਰ ਸਾਹਿਬ ਦੇਖ ਸੰਗਤ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਕਈ ਸ਼ਰਧਾਲੂਆਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਪ੍ਰੀਤੀ ਜਿੰਟਾ ਨੇ ਲੰਗਰ ਹਾਲ ਵਿੱਚ ਪ੍ਰਸ਼ਾਦੇ ਵਰਤਾਉਣ ਦੀ ਸੇਵਾ ਵੀ ਨਿਭਾਈ। ਉਨ੍ਹਾਂ ਨੇ ਸੰਗਤਾਂ ਨੂੰ ਲੰਗਰ ਵਰਤਾਇਆ ਅਤੇ ਸੇਵਾ ਭਾਵਨਾ ਨਾਲ ਆਪਣੀ ਸ਼ਰਧਾ ਪ੍ਰਗਟ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ “ਵਾਹਿਗੁਰੂ ਜੀ ਦਾ ਬੁਲਾਵਾ ਆਇਆ ਸੀ, ਇਸ ਲਈ ਅਸੀਂ ਇੱਥੇ ਆਏ ਹਾਂ।” ਉਨ੍ਹਾਂ ਹੋਰ ਦੱਸਿਆ ਕਿ 11 ਤਾਰੀਖ ਨੂੰ ਉਨ੍ਹਾਂ ਦੀ ਕ੍ਰਿਕਟ ਟੀਮ ਦਾ ਮਹੱਤਵਪੂਰਨ ਮੈਚ ਹੈ, ਜਿਸ ਲਈ ਉਨ੍ਹਾਂ ਜਿੱਤ ਲਈ ਅਰਦਾਸ ਕੀਤੀ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਨ੍ਹਾਂ ਦੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਹਰ ਮੈਚ ਜਿੱਤੇਗੀ।
ਇਸ ਦੌਰਾਨ ਉਨ੍ਹਾਂ ਨੇ ਸ਼੍ਰੇਯਸ ਅਈਅਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪਿਆਰ ਨਾਲ “ਸਰਪੰਚ” ਕਹਿੰਦੇ ਹਨ, ਜੋ ਟੀਮ ਲਈ ਮਾਣ ਦੀ ਗੱਲ ਹੈ। ਪ੍ਰੀਤੀ ਜਿੰਟਾ ਨੇ ਪੰਜਾਬ ਦੇ ਨੌਜਵਾਨਾਂ ਅਤੇ ਕ੍ਰਿਕਟ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਅਤੇ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਪਿਆਰ ਖਿਡਾਰੀਆਂ ਦਾ ਹੌਂਸਲਾ ਵਧਾਉਂਦਾ ਹੈ ਅਤੇ ਟੀਮ ਦੀ ਸਭ ਤੋਂ ਵੱਡੀ ਤਾਕਤ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH