
ਮੋਹਾਲੀ, 10 ਮਈ (ਹਿੰ.ਸ.)| ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂਆਂ ਸੁਖਬੀਰ ਸਿੰਘ, ਕੋਮਲ ਸ਼ਰਮਾ, ਸੁਦੇਸ਼ ਕਮਲ, ਦਿਲਬਾਗ ਸਿੰਘ, ਰਣਜੀਤ ਸਿੰਘ ਸਿੱਧੂ ਅਤੇ ਜਸਵੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਿਹੜੀਆਂ ਲੋਕ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ, ਉਹ ਲੋਕ ਮਿਲਣੀਆਂ ਨਹੀਂ ਬਲਕਿ ਸਿਰਫ ਲੋਕ ਵਿਖਾਵਾ ਹੈ।
ਇੱਥੇ ਜਾਰੀ ਬਿਆਨ ਵਿੱਚ ਆਗੂਆਂ ਨੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਸਨੇਟਾ ਵਿਖੇ ਹੋਈ ਲੋਕ ਮਿਲਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮੱਸਿਆਵਾਂ ਦੱਸਣ ਲਈ ਪਹੁੰਚੇ ਕਿਸੇ ਵੀ ਵਿਅਕਤੀ ਨਾਲ ਸੰਵਾਦ ਜਾਂ ਗੱਲਬਾਤ ਨਹੀ ਕੀਤੀ ਗਈ। ਇੱਥੋੱ ਤੱਕ ਕਿ ਜਿਨ੍ਹਾਂ ਵਿਅਕਤੀਆਂ ਦੇ ਹੱਥਾਂ ਵਿੱਚ ਮੰਗ-ਪੱਤਰ ਜਾਂ ਕੋਈ ਵੀ ਕਾਗਜ਼ ਨਜ਼ਰ ਆਏ, ਉਨ੍ਹਾਂ ਵਿਅਕਤੀਆਂ ਨੂੰ ਪੰਜਾਬ ਪੁਲਿਸ ਵੱਲੋਂ ਪੰਡਾਲ ਤੋਂ ਬਾਹਰ ਕੱਢ ਦਿੱਤਾ ਗਿਆ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਭਾਸ਼ਣ ਦੌਰਾਨ ਵਾਰ-ਵਾਰ ਇਹ ਕਹਿੰਦੇ ਰਹੇ ਕਿ ਉਹਨਾਂ ਨੂੰ ਆਪਣਾ ਭਾਸ਼ਣ ਪੂਰਾ ਕਰ ਲੈਣ ਦਿਓ ਤੇ ਉਹ ਸੱਭ ਦੀਆਂ ਸਮੱਸਿਆਵਾਂ ਸੁਣ ਕੇ ਜਾਣਗੇ, ਪਰ ਭਾਸ਼ਣ ਖਤਮ ਕਰਦਿਆਂ ਹੀ ਮੁੱਖ ਮੰਤਰੀ ਲੋਕਾਂ ਨੂੰ ਇਹ ਕਹਿ ਕੇ ਚਲੇ ਗਏ ਕਿ ਉਹ ਆਪਣੀਆਂ ਸ਼ਿਕਾਇਤਾਂ ਸਬੰਧੀ ਕਾਗਜ਼ ਡੀ. ਸੀ ਮੁਹਾਲੀ ਨੂੰ ਦੇ ਦੇਣ। ਇਸ ਦੌਰਾਨ ਜੋ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਉਥੇ ਪਹੁੰਚੇ ਸਨ, ਉਹ ਲੋਕ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਲਈ ਤਰਲੋ-ਮੱਛੀ ਹੁੰਦੇ ਵੇਖੇ ਗਏ, ਜਿਸ ਕਾਰਨ ਪੰਡਾਲ ਵਿੱਚ ਸਮੱਸਿਆਵਾਂ ਲੈ ਕੇ ਪਹੁੰਚੇ ਲੋਕਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਸੀ।
ਫੈਡਰੇਸ਼ਨ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਕਿਹਾ ਕਿ ਉਹ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਸੰਬੰਧੀ ਮੰਗ ਪੱਤਰ ਲੈ ਕੇ ਪਹੁੰਚੇ ਸਨ, ਪਰ ਮਿਲਣੀ ਨਾ ਹੋਣ ਕਾਰਨ ਉਨ੍ਹਾਂ ਦੇ ਪੱਲੇ ਵੀ ਸਿਰਫ ਨਿਰਾਸ਼ਤਾ ਹੀ ਪਈ। ਉਹਨਾਂ ਕਿਹਾ ਕਿ ਇਸ ਲੋਕ ਮਿਲਣੀ ਨੂੰ ਵੇਖ ਕੇ ਇਹ ਲੱਗਦਾ ਸੀ ਕਿ ਪੰਜਾਬ ਸਰਕਾਰ ਵੱਲੋਂ ਇਹ ਮਿਲਣੀਆਂ ਲੋਕਾਂ ਲਈ ਨਹੀਂ, ਸਗੋਂ ਸਰਕਾਰ ਦੀਆਂ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਕੀਤੀਆਂ ਜਾ ਰਹੀਆਂ ਹਨ।
ਆਗੂਆਂ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਇਹ ਸਰਕਾਰ ਆਮ ਲੋਕਾਂ ਲਈ ਬਣੀ ਸਰਕਾਰ ਦਾ ਢਿੰਢੋਰਾ ਪਿੱਟ ਰਹੀ ਹੈ, ਦੂਜੇ ਪਾਸੇ ਆਮ ਲੋਕਾਂ ਨੂੰ ਮਿਲਣ ਤੋਂ ਕੰਨੀ ਕਤਰਾ ਰਹੀ ਹੈ। ਫੈਡਰੇਸ਼ਨ ਦੇ ਆਗੂ, ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਸਬ ਕਮੇਟੀ ਤੋਂ ਮਿਲਣ ਲਈ ਸਮੇਂ ਦੀ ਪਿਛਲੇ 4 ਸਾਲਾਂ ਤੋਂ ਮੰਗ ਕਰਦੇ ਆ ਰਹੇ ਹਨ, ਪਰ ਮਿਲਣ ਲਈ ਸਮਾਂ ਨਹੀ ਦਿੱਤਾ ਜਾ ਰਿਹਾ। ਜਿਸ ਕਾਰਨ ਜਨਰਲ ਵਰਗ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫੈਡਰੇਸ਼ਨ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ, ‘‘ਦਾ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ’’ ਦਾ ਚੇਅਰਮੈਨ, ਵਾਈਸ ਚੇਅਰਮੈਨ, ਮੈਬਰਜ਼ ਅਤੇ ਦਫਤਰੀ ਅਮਲਾ ਬਿਨ੍ਹਾ ਕਿਸੇ ਦੇਰੀ ਤੋਂ ਨਿਯੁਕਤ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH